ਗੁਲਮਰਗ ਕਾਲੋਨੀ ''ਚ ਕਬਾੜ ਦੇ ਗੋਦਾਮ ਨੂੰ ਲੱਗੀ ਅੱਗ

05/26/2018 6:44:16 AM

ਜਲੰਧਰ, (ਮਹੇਸ਼)- ਲੰਮਾ ਪਿੰਡ ਚੌਕ ਦੇ ਨਾਲ ਲੱਗਦੇ ਗੁਲਮਰਗ ਕਾਲੋਨੀ ਵਿਚ ਇਕ ਕਬਾੜ ਦੇ ਗੋਦਾਮ ਨੂੰ ਦੁਪਹਿਰ ਦੇ ਸਮੇਂ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਗੋਦਾਮ ਦੇ ਮਾਲਕ ਸੁਭਾਸ਼ ਕੁਮਾਰ ਵਾਸੀ ਕਿਸ਼ਨਪੁਰਾ ਵੱਲੋਂ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਾਂ ਉਥੇ ਪਹੁੰਚ ਗਈਆਂ ਪਰ ਘਟਨਾ ਵਾਲੀ ਥਾਂ 'ਤੇ ਨਹੀਂ ਜਾ ਸਕੀ, ਕਿਉਂਕਿ ਗੁਲਮਰਗ ਕਾਲੋਨੀ ਵਿਚ ਜਿਸ ਜਗ੍ਹਾ ਕਬਾੜ ਦਾ ਗੋਦਾਮ ਸੀ, ਉਥੇ ਸਾਰੇ ਰਾਹ ਗਾਰਡਰਾਂ ਨਾਲ ਬੰਦ ਕੀਤੇ ਹੋਏ ਹਨ, ਤਾਂ ਜੋ ਕੋਈ ਵੱਡਾ ਨੁਕਸਾਨ ਨਾ ਹੋ ਸਕੇ। ਅਜਿਹੇ ਹਾਲਾਤਾਂ ਵਿਚ ਲੋਕਾਂ ਨੇ ਖੁਦ ਸਬਮਰਸੀਬਲ ਮੋਟਰਾਂ ਨਾਲ ਪਾਣੀ ਛੱਡ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਅੱਗ 'ਤੇ ਪੂਰੀ ਤਰ੍ਹਾਂ ਨਾਲ ਕਾਬੂ ਨਾ ਪੈਂਦਾ ਦੇਖ ਕੇ ਫਾਇਰ ਬ੍ਰਿਗੇਡ ਦਫ਼ਤਰ ਤੋਂ ਛੋਟੀ ਗੱਡੀ ਮੰਗਵਾਈ ਗਈ। ਜਿਸ 'ਤੇ ਪੂਰੀ ਤਰ੍ਹਾਂ ਨਾਲ ਕਾਬੂ ਪਾਇਆ ਜਾ ਸਕਿਆ। ਉਥੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਅੱਜ ਤਾਂ ਕਬਾੜ ਦੇ ਗੋਦਾਮ ਵਿਚ ਅੱਗ ਲੱਗੀ ਹੈ ਕੱਲ ਉਥੇ ਜੇਕਰ ਕਿਸੇ ਦੇ ਘਰ ਵਿਚ ਅੱਗ ਲੱਗ ਜਾਵੇ ਤਾਂ ਉਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਿਵੇਂ ਪਹੁੰਚ ਸਕਣਗੀਆਂ। ਉਕਤ ਕਬਾੜ ਨੂੰ ਲੱਗੀ ਅੱਗ ਨਾਲ ਕਬਾੜੀਏ ਸੁਭਾਸ਼ ਦਾ ਲੱਖਾਂ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਪਰ ਅੱਗ ਲੱਗਣ ਦਾ ਕਾਰਨ ਹੁਣ ਤੱਕ ਸਾਹਮਣੇ ਨਹੀਂ ਆ ਸਕਿਆ। 
ਕਾਜੀ ਮੰਡੀ ਵਿਚ ਵੀ ਪਿਛਲੇ ਦਿਨ ਕਬਾੜ ਦੇ 2 ਗੋਦਾਮਾਂ ਵਿਚ ਅੱਗ ਲੱਗ ਚੁੱਕੀ ਹੈ। ਜਿਸ ਦੇ ਕਾਰਨਾਂ ਦਾ ਹੁਣ ਤੱਕ ਪਤਾ ਨਹੀਂ ਲੱਗ ਸਕਿਆ।