ਖੰਨਾ : ਵਾਟਰ ਪਾਰਕ ''ਚ ਲੱਗੀ ਭਿਆਨਕ ਅੱਗ

05/26/2018 5:24:37 AM

ਖੰਨਾ (ਸੁਖਵਿੰਦਰ ਕੌਰ)-ਖੰਨਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਲਲਹੇੜੀ-ਹਰਿਓਂ ਕਲਾਂ ਵਿਖੇ ਬਣਿਆ ਕਵੀਨਜ਼ਲੈਂਡ ਵਾਟਰ ਐਂਡ ਐਮਿਊਜ਼ਮੈਂਟ ਪਾਰਕ ਜਿੱਥੇ ਪੂਰੇ ਪੰਜਾਬ ਦੇ ਲੋਕ ਅਤੇ ਸਕੂਲੀ ਬੱਚੇ ਪਿਕਨਿਕ ਮਨਾਉਣ ਅਤੇ ਪਾਣੀ ਦਾ ਮਜ਼ਾ ਲੈਣ ਪਹੁੰਚਦੇ ਹਨ, ਨੂੰ ਅੱਜ ਦੁਪਹਿਰ ਤਕਰੀਬਨ 3 ਵਜੇ ਭਿਆਨਕ ਅੱਗ ਲੱਗ ਜਾਣ ਕਰਕੇ ਪੂਰਾ ਪਾਰਕ ਤਬਾਹ ਹੋ ਗਿਆ । ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਕਿਉਂਕਿ ਪਾਰਕ ਦੇਖਣ ਆਏ 2 ਸਕੂਲਾਂ ਦੇ ਕਰੀਬ 270 ਬੱਚੇ ਲਗਭਗ ਦੋ ਘੰਟੇ ਪਹਿਲਾਂ ਹੀ ਪਾਰਕ ਵੇਖ ਕੇ ਚਲੇ ਗਏ ਸਨ । ਆਲੇ-ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਅੱਗ ਦਾ ਕਾਰਨ ਪਾਰਕ ਦੇ ਨਾਲ ਲੱਗਦੇ ਖੇਤਾਂ ਵਿਚ ਲੱਗੀ ਅੱਗ ਹੋ ਸਕਦਾ ਹੈ, ਕਿਉਂਕਿ ਅੱਜ ਪਾਰਕ ਦੇ ਬਿਲਕੁੱਲ ਪਿੱਛੇ ਅਤੇ ਨਾਲ ਲੱਗਦੇ ਖੇਤਾਂ ਵਿੱਚ ਕਿਸਾਨਾਂ ਨੇ ਕਣਕ ਦੀ ਨਾੜ ਨੂੰ ਅੱਗ ਲਾਈ ਹੋਈ ਸੀ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਕੋਈ ਜਲਦੀ ਹੋਈ ਨਾੜ ਦੇ ਫੂਸ ਦੀ ਚੰਗਿਆੜੀ ਉੱਡ ਕੇ ਪਾਰਕ ਵਿਚ ਆ ਡਿੱਗੀ , ਜਿਸ ਕਾਰਨ ਪਾਰਕ ਵਿਚ ਪਲਾਸਟਿਕ ਦੀ ਬਣੀ ਸਾਰੀ ਰੇਲਿੰਗ ਨੂੰ ਆਪਣੇ ਘੇਰੇ ਵਿਚ ਲੈ ਲਿਆ ਅਤੇ ਵੇਖਦੇ ਹੀ ਵੇਖਦੇ ਪੂਰੀ ਪਲਾਸਟਿਕ ਦਾ ਢਾਂਚਾ ਅੱਗ ਦੀਆਂ ਲਪਟਾਂ ਵਿਚ ਆ ਕੇ ਢੇਰ ਹੋ ਗਿਆ । ਪਾਰਕ ਦੇ ਬਾਹਰ ਪੌੜੀਆਂ ਬਣੀਆਂ ਹੋਈਆਂ ਸਨ, ਜਿਸਦੇ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੰਦਰ ਨਹੀਂ ਪਹੁੰਚ ਸਕੀਆਂ । ਫਾਇਰ ਕਰਮਚਾਰੀਆਂ ਨੇ ਨਾਲ ਲੱਗਦੇ ਗੁਦਾਮਾਂ ਅਤੇ ਖੇਤਾਂ ਵਿਚ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਖੜ੍ਹੀਆਂ ਕਰਕੇ ਦੂਰੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ । ਦੂਰ ਤੋਂ ਪਾਣੀ ਦੀ ਧਾਰ ਇੰਨੀ ਉਚਾਈ 'ਤੇ ਬਣੇ ਪਲਾਸਟਿਕ ਦੇ ਢਾਂਚੇ ਤੱਕ ਨਹੀਂ ਪਹੁੰਚ ਸਕੀ । ਕੁਝ ਦੇਰ ਲਈ ਪਾਰਕ ਦੇ ਮਾਲਕ ਜਗਮੋਹਨਦੀਪ ਸਿੰਘ ਨੇ ਆਪਣੇ ਆਪ ਬਾਹਰ ਖੜ੍ਹੀ ਫਾਇਰ ਬ੍ਰਿਗੇਡ ਦੀ ਗੱਡੀ ਦੀ ਪਾਈਪ ਫੜ ਕੇ ਅੰਦਰ ਖਿੱਚ ਲਈ ਅਤੇ ਆਪਣੇ ਆਪ ਹੀ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ, ਪਰ ਸਮਰਾਲਾ ਤੇ ਮੰਡੀ ਗੋਬਿੰਦਗੜ੍ਹ ਤੋਂ ਹੋਰ ਗੱਡੀਆਂ ਆਉਣ ਉਪਰੰਤ ਹੀ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਜਾ ਸਕਿਆ।
ਨਾ ਤਾਂ ਪਾਰਕ ਵਾਲਿਆਂ ਕੋਲ ਫਾਇਰ ਵਿਭਾਗ ਦੀ ਐੱਨ. ਓ. ਸੀ. ਹੈ ਤੇ ਨਾ ਹੀ ਮਿਲ ਸਕਦੀ ਸੀ : ਫਾਇਰ ਅਫਸਰ  
ਇਸ ਮੌਕੇ 'ਤੇ ਆਪਣੀ ਟੀਮ ਦੇ ਨਾਲ ਪਹੁੰਚੇ ਖੰਨਾ ਸਬ ਸਟੇਸ਼ਨ ਦੇ ਫਾਇਰ ਅਫਸਰ ਯਸ਼ਪਾਲ ਗੋਮੀ ਨੇ ਦੱਸਿਆ ਕਿ ਪਾਰਕ ਦੀ ਉਸਾਰੀ ਜਿਸ ਤਰ੍ਹਾਂ ਨਾਲ ਕੀਤੀ ਗਈ ਹੈ ਤੇ ਪਾਰਕ ਵਿਚ ਅੰਦਰ ਜਾਣ ਤੋਂ ਪਹਿਲਾਂ ਸੀਮਿੰਟ ਕੰਕਰੀਟ ਦੀਆਂ ਪੌੜੀਆਂ ਬਣਾਈਆਂ ਗਈਆਂ ਹਨ, ਉਸ ਕਾਰਨ ਬਿਲਡਿੰਗ ਦੇ ਅੰਦਰ ਫਾਇਰ ਬ੍ਰਿਗੇਡ ਦੀ ਗੱਡੀ ਦਾਖਲ ਨਹੀਂ ਹੋ ਸਕਦੀ । ਇਸ ਲਈ ਪਾਰਕ ਮੈਨੇਜਮੈਂਟ ਨੂੰ ਫਾਇਰ ਬ੍ਰਿਗੇਡ ਤੋਂ ਐੱਨ. ਓ. ਸੀ. ਨਹੀਂ ਮਿਲ ਸਕਦੀ ਸੀ । ਅਧਿਕਾਰੀ ਨੇ ਆਪਣੇ ਕਾਰਜਕਾਲ ਦੇ ਦੌਰਾਨ ਇਸ ਮੈਨੇਜਮੈਂਟ ਵੱਲੋਂ ਫਾਇਰ ਵਿਭਾਗ ਤੋਂ ਐੱਨ. ਓ. ਸੀ. ਲੈਣ ਵਿਚ ਅਗਿਆਨਤਾ ਪ੍ਰਗਟਾਈ। ਨਾਲ ਹੀ ਪੁਸ਼ਟੀ ਕੀਤੀ ਕਿ ਜੇਕਰ ਐੱਨ. ਓ. ਸੀ. ਲਈ ਹੁੰਦੀ ਤਾਂ ਇਸ ਨੂੰ ਹਰ ਸਾਲ ਰਿਨਿਊ ਕਰਵਾਉਣਾ ਹੁੰਦਾ ਹੈ, ਜਦ ਕਿ ਅਜਿਹਾ ਕੋਈ ਪੱਤਰ ਉਨ੍ਹਾਂ ਕੋਲ ਨਹੀਂ ਆਇਆ ਹੈ । ਯਸ਼ਪਾਲ ਗੋਮੀ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਜਦੋਂ ਵੇਖਿਆ ਕਿ ਇਕੱਲੇ ਖੰਨਾ ਫਾਇਰ ਬ੍ਰਿਗੇਡ ਤੋਂ ਅੱਗ 'ਤੇ ਕਾਬੂ ਪਾਉਣਾ ਮੁਸ਼ਕਲ ਹੈ ਤਾਂ ਉਨ੍ਹਾਂ ਨੇ ਸਮਰਾਲਾ ਅਤੇ ਗੋਬਿੰਦਗੜ੍ਹ ਫਾਇਰ ਸਟੇਸ਼ਨਾਂ ਨੂੰ ਫੋਨ ਕਰਕੇ ਉੱਥੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾ ਲਈਆਂ, ਕਿਉਂਕਿ ਅੱਗ ਵਾਲੀ ਥਾਂ 'ਤੇ ਗੱਡੀ ਪਹੁੰਚ ਨਹੀਂ ਸਕਦੀ ਸੀ ਇਸ ਲਈ ਦੂਰੋਂ ਹੀ ਗੱਡੀਆਂ ਖੜ੍ਹੀਆਂ ਕਰਕੇ ਅੱਗ ਉੱਤੇ ਬੜੀ ਮੁਸ਼ਕਲ ਨਾਲ ਕਾਬੂ ਕੀਤਾ ਗਿਆ ।
ਕੀ ਕਹਿਣਾ ਹੈ ਵਾਟਰ ਪਾਰਕ ਮੈਨੇਜਮੈਂਟ ਦਾ ?
ਇਸ ਸਬੰਧੀ ਜਦੋਂ ਵਾਟਰ ਪਾਰਕ ਦੇ ਮੈਨੇਜਮੈਂਟ ਮੈਂਬਰ ਜਗਮੋਹਨਦੀਪ ਸਿੰਘ ਤੇ ਰਣਦੀਪ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਮੈਨੇਜਮੈਂਟ ਨੇ ਸਾਰੀਆਂ ਜ਼ਰੂਰੀ ਮਨਜ਼ੂਰੀਆਂ ਲੈ ਕੇ ਹੀ ਪਾਰਕ ਸ਼ੁਰੂ ਕੀਤਾ ਸੀ। 
ਦੂਰ-ਦੂਰ ਤੱਕ ਉਠ ਰਿਹਾ ਸੀ ਧੂੰਆਂ, ਸ਼ਹਿਰੀ ਏਰੀਏ 'ਚ ਫੈਲੀ ਦਹਿਸ਼ਤ
ਜਦੋਂ ਪਾਰਕ ਨੂੰ ਅੱਗ ਲੱਗੀ ਤਾਂ ਇਸ ਦਾ ਧੂੰਆਂ ਦੂਰ-ਦੂਰ ਤੱਕ ਵਿਖਾਈ ਦੇਣ ਲੱਗਾ, ਜਿੱਥੇ ਤੱਕ ਇਕ ਪਾਸੇ ਵਸੇ ਖੰਨਾ ਸ਼ਹਿਰ ਦੇ ਖੇਤਰ ਵਿਚ ਵੀ ਦੂਰੋਂ ਅਸਮਾਨ ਵਿਚ ਧੂੰਆਂ ਉੱਠਦਾ ਵਿਖਾਈ ਦੇ ਰਿਹਾ ਸੀ, ਜਿਸ ਕਾਰਨ ਸ਼ਹਿਰੀ ਏਰੀਏ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ । ਪਹਿਲਾਂ ਤਾਂ ਲੋਕਾਂ ਨੇ ਸਮਝਿਆ ਕਿ ਕਿਸਾਨਾਂ ਨੇ ਖੇਤਾਂ ਵਿਚ ਅੱਗ ਲਗਾਈ ਹੋਈ ਹੈ ਪਰ ਸਾਇਰਨ ਵਜਾਉਂਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਦੋਂ ਧੂੰਏ ਵਾਲੀ ਥਾਂ ਵੱਲ ਨੂੰ ਜਾਣ ਲੱਗੀਆਂ ਤਾਂ ਸ਼ਹਿਰ ਵਾਸੀ ਘਟਨਾ ਵਾਲੀ ਥਾਂ 'ਤੇ ਇਕੱਠੇ ਹੋਣ ਲੱਗੇ। ਭੀੜ ਨੂੰ ਕਾਬੂ ਕਰਨ ਲਈ ਐੱਸ. ਐੱਚ. ਓ. ਥਾਣਾ ਸਦਰ ਖੰਨਾ ਮੌਕੇ 'ਤੇ ਪਹੁੰਚ ਗਏ ।
ਪਾਰਕ ਦੇ ਕੋਲ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕੋਈ ਮਨਜ਼ੂਰੀ ਵੀ ਨਹੀਂ : ਸਾਬਕਾ ਐੱਸ. ਡੀ. ਓ. 
ਇਸ ਸਬੰਧੀ ਜਦੋਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਖੰਨਾ ਨਾਲ ਸਬੰਧਿਤ ਕਾਰਜਕਾਰੀ ਇੰਜੀਨੀਅਰ ਰਾਕੇਸ਼ ਨਈਅਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਖੰਨਾ ਦਾ ਖੇਤਰ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਕੁੱਝ ਹੀ ਮਹੀਨੇ ਪਹਿਲਾਂ ਆਉਣ ਦੀ ਵਜ੍ਹਾ ਕਰਕੇ ਕੁਝ ਵੀ ਦੱਸਣ ਵਿੱਚ ਅਸਮਰਥਤਾ ਪ੍ਰਗਟਾਈ ਤਾਂ ਖੰਨਾ ਦੇ ਸਾਬਕਾ ਐੱਸ. ਡੀ. ਓ. ਅਮਿਤ ਕੁਮਾਰ ਨਾਲ ਸੰਪਰਕ ਕੀਤਾ, ਜਿਨ੍ਹਾਂ ਦੱਸਿਆ ਕਿ ਕਵੀਨਜ਼ਲੈਂਡ ਵਾਟਰ ਪਾਰਕ ਦੇ ਨਾਮ ਤੋਂ ਕਦੇ ਵੀ ਕਿਸੇ ਨੇ ਬੋਰਡ ਤੋਂ ਵਾਟਰ ਐਕਟ ਦੇ ਅਧੀਨ ਐੱਨ. ਓ. ਸੀ. ਨਹੀਂ ਲਈ ਹੈ।