ਗੁੱਜਰਾਂ ਦੇ ਡੇਰੇ ਨੂੰ ਲੱਗੀ ਅੱਗ, ਲੱਖਾਂ ਦਾ ਸਮਾਨ ਸੜਿਆ

05/25/2018 4:25:32 PM

ਸਮਰਾਲਾ (ਗਰਗ, ਬੰਗੜ) : ਇਥੋਂ ਦੇ ਲੁਧਿਆਣਾ-ਚੰਡੀਗੜ੍ਹ ਮਾਰਗ 'ਤੇ ਮਾਲਵਾ ਰਿਜ਼ਾਰਟਸ ਦੇ ਨੇੜੇ ਬਣੇ ਗੁੱਜਰਾਂ ਦੇ ਡੇਰੇ ਨੂੰ ਭਿਆਨਕ ਅੱਗ ਲੱਗ ਜਾਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਖੁਸ਼ਕਿਸਮਤੀ ਨਾਲ ਅੱਗ ਲੱਗਣ ਮੌਕੇ ਡੇਰੇ ਦੇ ਸਾਰੇ ਜੀਅ ਤੇ ਪਸ਼ੂ ਡੇਰੇ ਤੋਂ ਬਾਹਰ ਸਨ, ਜਿਸ ਕਾਰਨ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਪਰ ਅੱਗ ਨੇ ਦੋ ਪਰਿਵਾਰਾਂ ਦੇ ਸਾਮਾਨ ਨੂੰ ਸਾੜ ਕੇ ਸੁਆਹ ਕਰ ਦਿੱਤਾ ਹੈ। 
ਜਾਣਕਾਰੀ ਅਨੁਸਾਰ ਅੱਗ ਦੀ ਇਹ ਘਟਨਾ ਦੁਪਹਿਰ 12.30 ਵਜੇ ਵਾਪਰੀ। ਡੇਰੇ ਦੇ ਮੁਖੀ ਕਰਨਦੀਨ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਾਂ ਦੇ 10 ਜੀਅ ਹਨ ਤੇ 35-40 ਪਸ਼ੂ ਹਨ। ਅੱਜ ਸਵੇਰੇ ਉਹ ਰੋਜ਼ਾਨਾ ਦੀ ਤਰ੍ਹਾਂ ਪਸ਼ੂਆਂ ਨੂੰ ਚਾਰੇ ਲਈ ਬਾਹਰ ਲੈ ਕੇ ਚਲਾ ਗਿਆ। ਘਰ ਵਿਚ ਪਿੱਛੇ ਸਿਰਫ਼ ਇਕ ਬੇਟੀ ਸੀ ਤੇ ਦੁਪਹਿਰ ਮੌਕੇ ਇਹ ਹਾਦਸਾ ਵਾਪਰ ਗਿਆ। 
ਉਸ ਨੇ ਸ਼ੱਕ ਜ਼ਾਹਿਰ ਕੀਤਾ ਕਿ ਡੇਰੇ ਵਿਚ ਕੋਈ ਵੀ ਬਿਜਲੀ ਦੀ ਤਾਰ ਨਹੀਂ, ਇਸ ਲਈ ਇਹ ਅੱਗ ਕਿਸੇ ਦੀ ਸ਼ਰਾਰਤ ਕਾਰਨ ਲੱਗੀ ਹੈ। ਉਨ੍ਹਾਂ ਦੱਸਿਆ ਕਿ ਅੱਗ ਵਿਚ ਇਕ ਜਗ੍ਹਾ ਦੀ ਰਜਿਸਟਰੀ ਤੇ 4-5 ਹਜ਼ਾਰ ਰੁਪਏ ਸਮੇਤ ਢਾਈ-ਤਿੰਨ ਲੱਖ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪੁੱਜ ਗਈਆਂ, ਜਿਨ੍ਹਾਂ ਨੇ ਜੱਦੋ-ਜਹਿਦ ਕਰ ਕੇ ਅੱਗ 'ਤੇ ਕਾਬੂ ਪਾਇਆ।