ਜਲਾਲਾਬਾਦ ''ਚ ਕਿਸਾਨ ਕਰਜ਼ਾ ਮੁਆਫੀ ਦੀ ਦੂਜੀ ਕਿਸ਼ਤ ਜਾਰੀ, 1302 ਕਿਸਾਨਾਂ ਨੂੰ ਮਿਲੀ ਰਾਹਤ

05/23/2018 5:40:06 AM

ਜਲਾਲਾਬਾਦ (ਸੇਤੀਆ,ਜਤਿੰਦਰ) : ਕੈਪਟਨ ਸਰਕਾਰ ਵਲੋਂ ਸੱਤਾ 'ਚ ਆਉਣ ਤੋਂ ਪਹਿਲਾਂ ਕਿਸਾਨਾਂ ਨਾਲ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਗਿਆ ਸੀ ਅਤੇ ਇਸ ਦੇ ਚਲਦਿਆਂ ਅੱਜ ਸਬ-ਡਿਵੀਜ਼ਨ ਜਲਾਲਾਬਾਦ ਅੰਦਰ 1302 ਕਿਸਾਨਾਂ ਨੂੰ ਕਰੀਬ 6 ਕਰੋੜ ਦੇ ਕਰਜ਼ੇ ਮੁਆਫੀ ਦੇ ਸਰਟੀਫਿਕੇਟ ਸਥਾਨਕ ਕੰਮਿਊਨਿਟੀ ਹਾਲ 'ਚ ਉਪਮੰਡਲ ਮੈਜਿਸਟ੍ਰੇਟ ਪਿਰਥੀ ਸਿੰਘ, ਨਾਇਬ ਤਹਿਸੀਲਦਾਰ ਵਿਕਰਮ ਗੁੰਬਰ ਤੇ ਹੋਰ ਅਧਿਕਾਰੀਆਂ ਵਲੋਂ ਜਾਰੀ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਏਆਰ, ਸਰਵਨ ਕੁਮਾਰ ਖੇਤੀਬਾੜੀ ਅਫਸਰ, ਕੋਆਪ੍ਰੇਟਿਵ ਬੈਂਕ ਹਰਿੰਦਰ ਸਿੰਘ ਕੁੱਕੜ, ਸੁਨੀਲ ਕਲੂਚਾ ਆਦਿ ਮੌਜੂਦ ਸਨ।
ਜਾਣਕਾਰੀ ਦਿੰਦਿਆਂ ਐੱਸ. ਡੀ. ਐੱਮ. ਪਿਰਥੀ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ 2.5 ਏਕੜ ਤੱਕ ਦੇ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਹੁਕਮ ਜਾਰੀ ਹੋਏ ਸੀ ਅਤੇ ਉਸ ਦੇ ਤਹਿਤ ਜਲਾਲਾਬਾਦ ਸਬ ਡਿਵੀਜਨ ਅੰਦਰ ਕੁੱਲ 10 ਹਜ਼ਾਰ 500 ਕਿਸਾਨਾਂ ਨੂੰੰ ਕਰਜ਼ੇ ਮੁਆਫ ਕੀਤੇ ਜਾਣੇ ਹਨ ਅਤੇ ਜਿਸਦੀ ਪਹਿਲੀ ਕਿਸ਼ਤ 1515 ਕਿਸਾਨਾਂ ਨੂੰ 5 ਕਰੋੜ 93 ਲੱਖ ਰੁਪਇਆ ਜਾਰੀ ਕਰ ਦਿੱਤਾ ਜਾ ਚੁੱਕਾ ਹੈ ਅਤੇ ਅੱਜ ਦੂਜੀ ਕਿਸ਼ਤ ਵਿਚ 1302 ਕਿਸਾਨਾਂ ਨੂੰ ਕਰੀਬ 6 ਕਰੋੜ ਰੁਪਏ ਜਾਰੀ ਕੀਤੇ ਹਨ ਅਤੇ ਬਾਕੀ ਰਹਿੰਦੇ ਕਿਸਾਨਾਂ ਨੂੰ ਵੀ ਕਰਜ਼ਾ ਮੁਆਫੀ ਦੀ ਅਗਲੀ ਹਿਦਾਇਤ ਅਨੁਸਾਰ ਜਾਰੀ ਕਰ ਦਿੱਤੀ ਜਾਵੇਗੀ। 
ਐੱਸ. ਡੀ. ਐੱਮ. ਨੇ ਦੱਸਿਆ ਕਿ 2.5 ਏਕੜ ਤੱਕ ਕਿਸਾਨਾਂ ਦੇ 2 ਲੱਖ ਰੁਪਏ ਤੱਕ ਕਰਜ਼ ਮੁਆਫ ਕੀਤੇ ਜਾ ਰਹੇ ਹਨ। ਇਸ ਮੌਕੇ ਮੌਜੂਦ ਕਿਸਾਨ ਕੇਵਲ ਕ੍ਰਿਸ਼ਨ ਪਿੰਡਲੱਖੇ ਵਾਲੀ ਨੇ ਦੱਸਿਆ ਕਿ ਉਸਦੀ 1.5 ਏਕੜ ਜ਼ਮੀਨ ਹੈ ਅਤੇ ਸਰਕਾਰ ਵਲੋਂ ਉਸਦਾ 46049 ਹਜ਼ਾਰ ਰੁਪਏ ਕਰਜ਼ਾ ਮੁਆਫ ਕੀਤਾ ਗਿਆ ਹੈ ਅਤੇ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੰਗੀ ਸੋਚ ਦਾ ਨਤੀਜਾ ਹੈ ਕਿ ਲੋੜਵੰਦ ਕਿਸਾਨਾਂ ਦੇ ਕਰਜ਼ਿਆਂ ਨੂੰ ਮੁਆਫ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਹੋਰਨਾਂ ਕਿਸਾਨਾਂ ਨੇ ਵੀ ਦੱਸਿਆ ਕਿ ਸਰਕਾਰ ਦੀ ਕਥਨੀ ਅਤੇ ਕਰਨੀ ਵਿਚ ਸਮਾਨਤਾ ਦਿਖਣ ਲੱਗੀ ਹੈ ਕਿਉਂਕਿ ਉਨ੍ਹਾਂ ਨਾਲ ਕੀਤੇ ਗਏ ਕਰਜ਼ਾ ਮੁਆਫੀ ਦੇ ਵਾਅਦਿਆਂ ਨੂੰ ਸਰਕਾਰ ਪੂਰਾ ਕਰਨ ਵਿਚ ਅਮਲੀ ਜਾਮਾ ਪਹਿਨਾ ਰਹੀ ਹੈ। ਕਿਸਾਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੱਤਾ ਵਿਚ ਆਈ ਹੈ ਖਾਸ ਕਰਕੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਈ ਕਿਉਂਕਿ ਹੁਣ ਤੱਕ ਸਰਕਾਰ ਦੇ ਕਾਰਜਕਾਲ ਦੌਰਾਨ ਕਿਸਾਨਾਂ ਵਲੋਂ ਕਟਾਈ ਕੀਤੀਆਂ ਗਈਆਂ ਦੋਵੇਂ ਫਸਲਾਂ ਕਣਕ ਅਤੇ ਝੋਨਾਂ ਨਿਰਵਿਘਨ ਚੁੱਕੀਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਸਮਰਥਨ ਮੁੱਲ ਵੀ ਪੂਰਾ ਮਿਲਿਆ ਹੈ।