ਹਨੇਰੀ ਕਾਰਨ ਡਿੱਗੇ ਦਰੱਖਤ

05/13/2018 6:04:28 AM

ਕਪੂਰਥਲਾ, (ਗੁਰਵਿੰਦਰ ਕੌਰ)- ਅੱਜ ਅਚਾਨਕ ਮੌਸਮ ਦੇ ਮਿਜਾਜ਼ ਬਦਲਣ ਕਾਰਨ ਦੁਪਹਿਰ ਲਗਭਗ 3 ਵਜੇ ਤੋਂ ਬਾਅਦ ਆਸਮਾਨ 'ਚ ਛਾਏ ਕਾਲੇ ਬੱਦਲਾਂ ਕਾਰਨ ਜ਼ਿਲਾ ਕਪੂਰਥਲਾ ਦੇ ਵੱਖ-ਵੱਖ ਸ਼ਹਿਰ ਤਾਂ ਕਸਬਿਆਂ 'ਚ ਇਕਦਮ ਬਲੈਕ ਆਊਟ ਹੋ ਗਿਆ ਤੇ ਬਾਅਦ 'ਚ ਚੱਲੀਆਂ ਹਨੇਰੀ ਦੇ ਰੂਪ 'ਚ ਤੇਜ਼ ਹਵਾਵਾਂ ਨੇ ਲੋਕਾਂ 'ਚ ਸਹਿਮ ਪੈਦਾ ਕਰ ਦਿੱਤਾ ਕਿਉਂਕਿ ਦਿਨ ਪਹਿਲਾਂ ਹੀ ਮੌਸਮ ਵਿਭਾਗ ਵੱਲੋਂ ਤੇਜ਼ ਤੂਫਾਨ ਆਉਣ ਦੀ ਚੇਤਾਵਨੀ ਦਿੱਤੀ ਗਈ ਸੀ। ਹਵਾਵਾਂ ਇੰਨੀਆਂ ਤੇਜ਼ ਸਨ ਕਿ ਸੜਕਾਂ ਦੇ ਕਿਨਾਰੇ ਲੱਗੇ ਵੱਡੇ-ਵੱਡੇ ਕੁਝ ਦਰੱਖਤ ਵੀ ਡਿੱਗ ਗਏ ਤੇ ਬਾਅਦ 'ਚ ਪੂਰੇ ਸ਼ਹਿਰ 'ਚ ਬਿਜਲੀ ਬੰਦ ਹੋ ਗਈ, ਜਿਸ ਕਾਰਨ ਲੋਕਾਂ 'ਚ ਹਾਹਾਕਾਰ ਮਚ ਗਈ। ਮੀਂਹ ਦੇ ਆਉਣ ਤੋਂ ਬਾਅਦ ਤੇਜ਼ ਹਵਾਵਾਂ ਕੁਝ ਮੱਧਮ ਹੋ ਗਈਆਂ ਤੇ ਕੁਝ ਹੀ ਦੇਰ 'ਚ ਮੌਸਮ ਸਾਫ ਹੋ ਗਿਆ ਤੇ ਬਿਜਲੀ ਵਿਭਾਗ ਵੱਲੋਂ ਖਰਾਬ ਹੋਈ ਬਿਜਲੀ ਨੂੰ ਠੀਕ ਕਰਕੇ ਹੌਲੀ-ਹੌਲੀ ਸ਼ਹਿਰ ਦੇ ਸਾਰੇ ਇਲਾਕਿਆਂ 'ਚ ਚਾਲੂ ਕਰ ਦਿੱਤਾ ਗਿਆ।