ਪਾਕਿ ਆਮ ਚੋਣਾਂ : 13 ਟਰਾਂਸਜੈਂਡਰ ਹੋਣਗੇ ਮੈਦਾਨ ''ਚ

05/24/2018 3:42:35 PM

ਲਾਹੌਰ (ਬਿਊਰੋ)— ਪਾਕਿਸਤਾਨ ਵਿਚ ਇਸ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਘੱਟ ਤੋਂ ਘੱਟ 13 ਟਰਾਂਸਜੈਂਡਰ ਮੈਦਾਨ ਵਿਚ ਹੋਣਗੇ। ਇਨ੍ਹਾਂ ਵਿਚੋਂ ਦੋ ਨੈਸ਼ਨਲ ਅਸੈਂਬਲੀ ਦੀਆਂ ਚੋਣਾਂ ਲੜਨਗੇ ਜਦਕਿ ਬਾਕੀ ਸੂਬਾਈ ਅਸੈਂਬਲੀ ਦੀਆਂ ਚੋਣਾਂ ਲੜਨਗੇ। ਪਾਕਿਸਤਾਨ ਦੀ ਇਕ ਅਖਬਾਰ ਨੇ ਵੀਰਵਾਰ ਨੂੰ ਦੱਸਿਆ ਕਿ ਇਸ ਗੱਲ ਦਾ ਐਲਾਨ 'ਆਲ ਪਾਕਿਸਤਾਨ ਟਰਾਂਸਜੈਂਡਰ ਇਲੈਕਸ਼ਨ ਨੈੱਟਵਰਕ' (ਏ. ਪੀ. ਟੀ. ਈ. ਐੱਨ.) ਅਤੇ 'ਇਲੈਕਸ਼ਨ ਕਮੀਸ਼ਨ ਆਫ ਪਾਕਿਸਤਾਨ' ਵੱਲੋਂ ਆਯੋਜਿਤ ਰਾਸ਼ਟਰੀ ਸਭਾ ਦੌਰਾਨ ਕੀਤਾ ਗਿਆ। 
ਰਾਸ਼ਟਰੀ ਮਹਾਸਭਾ ਵਿਚ ਸਾਰੇ ਸੰਭਾਵੀ ਉਮੀਦਵਾਰਾਂ ਅਤੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ, ਜਿੱਥੇ ਉਨ੍ਹਾਂ ਨੇ ਮੁੱਖ ਮੰਗਾਂ ਨੂੰ ਪ੍ਰਮੱਖਤਾ ਵਿਚ ਰੱਖਿਆ ਅਤੇ ਪਾਕਿਸਤਾਨ ਵਿਚ ਟਰਾਂਸਜੈਂਡਰਾਂ ਦੇ ਮਜ਼ਬੂਤੀਕਰਨ ਅਤੇ ਉਨ੍ਹਾਂ ਨੂੰ ਰਾਜਨੀਤੀ ਵਿਚ ਸ਼ਾਮਲ ਕਰਨ ਦੇ ਮਹੱਤਵ ਵੱਲ ਲੋਕਾਂ ਦਾ ਧਿਆਨ ਖਿੱਚਿਆ। ਸੰਭਾਵੀ ਉਮੀਦਵਾਰਾਂ ਦੀ ਸੂਚੀ ਜਾਰੀ ਕਰਦਿਆਂ ਏ. ਪੀ. ਟੀ. ਈ. ਐੱਨ. ਨੇ ਦੱਸਿਆ ਕਿ ਇਨ੍ਹਾਂ ਵਿਚ ਫਰਜ਼ਾਨਾ ਰਿਆਜ਼ (ਐੱਨ. ਏ. -33), ਆਰਜ਼ੂ ਖਾਨ (ਪੀ. ਕੇ. -33), ਲੁਬਨਾ (ਪੀ. ਪੀ. -26), ਕੋਮਲ (ਪੀ. ਪੀ. -38), ਮੈਡਮ ਭੁੱਟੋ (ਪੀ. ਪੀ.-189), ਨਵਾਬ (ਐੱਨ-142), ਨਦੀਪ ਕਸਿਹ (ਨੈਸ਼ਨਲ ਅਸੈਂਬਲੀ ਦੇ ਉਮੀਦਵਾਰ) ਅਤੇ ਅਸ਼ੀ (ਪੰਜਾਬ ਤੋਂ ਉਮੀਦਵਾਰ) ਆਦਿ ਸ਼ਾਮਲ ਹਨ।