ਲਾਡੀ ਨੂੰ ਨੱਥ ਪਾਉਣ ਲਈ ਸ਼ਾਹਕੋਟ ''ਚ ਸੀਨੀਅਰ ਨਿਗਰਾਨ ਨਿਯੁਕਤ ਕਰੇ ਚੋਣ ਕਮਿਸ਼ਨ

Thursday, May 24, 2018 - 12:49 AM (IST)

ਸ਼ਾਹਕੋਟ (ਬਿਊਰੋ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਚੋਣ ਕਮਿਸ਼ਨ ਨੂੰ ਇਸ ਹਲਕੇ 'ਚ ਸੀਨੀਅਰ ਨਿਗਰਾਨ ਨਿਯੁਕਤ ਕੀਤੇ ਜਾਣ ਲਈ ਆਖਿਆ ਹੈ । ਉਨ੍ਹਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸ਼ਰੇਆਮ ਅਕਾਲੀ ਵਰਕਰਾਂ ਨੂੰ ਧਮਕੀਆਂ ਦੇ ਰਿਹਾ ਹੈ ਕਿ ਜੇਕਰ ਉਹ 28 ਮਈ ਨੂੰ ਵੋਟ ਪਾਉਣ ਲਈ ਬਾਹਰ ਨਿਕਲੇ ਤਾਂ ਇਸ ਦੇ ਮਾੜੇ ਸਿੱਟੇ ਨਿਕਲਣਗੇ । ਲੋਹੀਆਂ ਬਲਾਕ ਦੇ ਗੱਟੀ ਪੀਰਬਖਨ, ਕਾਕੜ ਕਲਾਂ, ਰਾਈਵੇਟ, ਸਿੰਧੜ, ਟੁਰਨਾ ਆਦਿ ਪਿੰਡਾਂ ਵਿਚ ਪਾਰਟੀ ਉਮੀਦਵਾਰ ਨਾਇਬ ਸਿੰਘ ਕੋਹਾੜ ਦੇ ਹੱਕ ਵਿਚ ਪਬਲਿਕ ਮੀਟਿੰਗਾਂ ਨੂੰ ਸੰਬੋਧਨ ਕੀਤਾ। ਚੋਣ ਕਮਿਸ਼ਨ ਨੂੰ ਇਸ ਮਾਮਲੇ 'ਚ ਤੁਰੰਤ ਕਾਰਵਾਈ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ 'ਚ ਆਜ਼ਾਦ ਤੇ ਨਿਰਪੱਖ ਚੋਣ ਕਰਵਾਉਣੀ ਸੰਭਵ ਨਹੀਂ ਹੈ । ਅਕਾਲੀ ਉਮੀਦਵਾਰ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਨਾਇਬ ਸਿੰਘ ਕੋਹਾੜ ਸਾਬਕਾ ਮੰਤਰੀ ਅਜੀਤ ਸਿੰਘ ਕੋਹਾੜ ਦੇ ਸਪੁੱਤਰ ਹਨ, ਜਿਹੜੇ ਆਪਣੇ ਕੰਮਾਂ ਦੇ ਸਿਰ 'ਤੇ ਇਸ ਹਲਕੇ ਤੋਂ ਪੰਜ ਵਾਰ ਜਿੱਤੇ ਸਨ । ਉਨ੍ਹਾਂ ਨੇ ਜਨਤਾ ਦੀ ਸੇਵਾ ਲਈ ਸਮਰਪਿਤ ਅਕਾਲੀ ਉਮੀਦਵਾਰ ਨੂੰ ਆਪਣਾ ਨੁਮਾਇੰਦਾ ਚੁਣਨਾ ਹੈ ਜਾਂ ਫਿਰ ਗ਼ੈਰ-ਕਾਨੂੰਨੀ ਮਾਈਨਿੰਗ ਦੇ ਸਰਗਣੇ ਵਜੋਂ ਬਦਨਾਮ ਹਰਦੇਵ ਲਾਡੀ ਨੂੰ । ਇਸ ਮੌਕੇ ਹੋਰਨਾਂ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ, ਗੁਲਜ਼ਾਰ ਸਿੰਘ ਰਣੀਕੇ, ਮਨਜਿੰਦਰ ਸਿਰਸਾ, ਬ੍ਰਿਜ ਭੁਪਿੰਦਰ ਲਾਲੀ, ਕਰਨਲ (ਸੇਵਾ-ਮੁਕਤ) ਸੀ. ਡੀ. ਸਿੰਘ ਕੰਬੋਜ ਅਤੇ ਹੰਸ ਰਾਜ ਹੰਸ ਨੇ ਵੀ ਸੰਬੋਧਨ ਕੀਤਾ ।


Related News