ਮਰੀਜ਼ ਦੀ ਜਾਨ ਬਚਾਉਣ ਲਈ ਬੈਂਗਲੁਰੂ ਤੋਂ ਕੋਲਕਾਤਾ ਲਿਆਂਦਾ ਗਿਆ ਜ਼ਿੰਦਾ ''ਦਿਲ''

05/22/2018 7:56:44 PM

ਕੋਲਕਾਤਾ— ਝਾਰਖੰਡ ਦੇ ਵਿਅਕਤੀ ਦਾ ਕੋਲਕਾਤਾ ਦੇ ਇਕ ਹਸਪਤਾਲ 'ਚ ਸੁਰੱਖਿਅਤ ਹਾਰਟ ਟ੍ਰਾਂਸਪਲਾਂਟ ਕੀਤਾ ਗਿਆ ਹੈ। ਇਸ ਦੌਰਾਨ ਹਾਰਟ ਟ੍ਰਾਂਸਪਲਾਂਟ ਦੇ ਲਈ ਦਿਲ ਬੈਂਗਲੁਰੂ ਤੋਂ ਲਿਆਂਦਾ ਗਿਆ ਸੀ। ਦੱਸਣਯੋਗ ਹੈ ਕਿ ਸਫਲਤਾਪੂਰਵਕ ਹਾਰਟ ਟ੍ਰਾਂਸਪਲਾਂਟ ਦਾ ਇਹ ਪੂਰਬੀ ਭਾਰਤ ਦਾ ਪਹਿਲਾ ਮਾਮਲਾ ਹੈ। ਜ਼ਿਕਰਯੋਗ ਹੈ ਕਿ ਇਸ ਦਿਲ ਨੂੰ ਗ੍ਰੀਨ ਕੋਰੀਡੋਰ ਬਣਾ ਕੇ ਰਿਕਾਰਡ ਸਮੇਂ 'ਚ ਮਰੀਜ਼ ਤੱਕ ਪਹੁੰਚਾਇਆ ਗਿਆ।
ਝਾਰਖੰਡ ਦੇ ਰਹਿਣ ਵਾਲੇ ਦਿਲਚੰਦ ਸਿੰਘ ਨੂੰ ਡਾਇਲੈਟਿਡ ਕਾਰਡੀਓਮਾਯੋਪੈਥੀ ਦੀ ਸਮੱਸਿਆ ਸੀ। ਇਸ ਬੀਮਾਰੀ 'ਚ ਮਰੀਜ਼ ਦਾ ਦਿਲ ਸਹੀ ਤਰੀਕੇ ਨਾਲ ਖੂਨ ਪੰਪ ਨਹੀਂ ਕਰ ਪਾਉਂਦਾ ਤੇ ਫਿਰ ਹੌਲੀ-ਹੌਲੀ ਦਿਲ ਦੀ ਸਮੱਸਿਆ ਵਧਦੀ ਜਾਂਦੀ ਹੈ। ਦਿਲਚੰਦ ਸਿੰਘ ਪਿਛਲੇ ਇਕ ਮਹੀਨੇ ਤੋਂ ਕੋਲਕਾਤਾ ਦੇ ਫੋਰਟਿਸ ਹਸਪਤਾਲ 'ਚ ਦਾਖਲ ਸੀ ਤੇ ਉਨ੍ਹਾਂ ਨੇ 2016 ਤੋਂ ਹਾਰਟ ਟ੍ਰਾਂਸਪਲਾਂਟ ਦੇ ਲਈ ਅਰਜ਼ੀ ਦਿੱਤੀ ਹੋਈ ਸੀ। ਇਸੇ ਦੌਰਾਨ ਸ਼ਨੀਵਾਰ ਨੂੰ ਬੈਂਗਲੁਰੂ 'ਚ ਰਹਿਣ ਵਾਲੇ 21 ਸਾਲਾਂ ਵਰੁਣ ਬੀਕੇ ਨੂੰ ਇਕ ਐਕਸੀਡੈਂਟ 'ਚ ਬ੍ਰੇਨ ਡੈੱਡ ਐਲਾਨ ਕਰ ਦਿੱਤਾ ਗਿਆ। ਇਸ ਤੋਂ ਬਾਅਦ ਵਰੁਣ ਦੇ ਪਰਿਵਾਰ ਵਾਲਿਆਂ ਨੇ ਉਸ ਦਾ ਦਿਲ ਦਾਨ ਕਰਨ ਲਈ ਸਹਿਮਤੀ ਦੇ ਦਿੱਤੀ। ਜਿਸ 'ਤੇ ਵਰੁਣ ਤੇ ਦਿਲਚੰਦ ਦਾ ਬਲੱਡ ਗਰੁੱਪ ਮੈਚ ਕਰਨ ਹੋਣ ਤੋਂ ਬਾਅਦ ਵਰੁਣ ਦਾ ਦਿਲ ਕੋਲਕਾਤਾ 'ਚ ਫੋਰਟਿਸ ਹਸਪਤਾਲ 'ਚ ਦਾਖਲ ਦਿਲਚੰਦ ਨੂੰ ਟ੍ਰਾਂਸਪਲਾਂਟ ਕਰਨ ਦਾ ਫੈਸਲਾ ਲਿਆ ਗਿਆ।
ਇਸ ਤੋਂ ਬਾਅਦ ਵਰੁਣ ਦੇ ਦਿਲ ਨੂੰ ਡਾਕਟਰਾਂ ਦੀ ਦੇਖ-ਰੇਖ 'ਚ ਜਹਾਜ਼ ਰਾਹੀਂ ਕੋਲਕਾਤਾ ਲਿਆਂਦਾ ਗਿਆ, ਜਿਥੇ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਏਅਰਪੋਰਟ ਤੋਂ ਦਿਲ ਨੂੰ ਈ.ਐਮ. ਬਾਈਪਾਸ ਹੁੰਦੇ ਹੋਏ ਸਿਰਫ 22 ਮਿੰਟ 'ਚ ਫੋਰਟਿਸ ਹਸਪਤਾਲ ਪਹੁੰਚਾਇਆ ਗਿਆ। ਦਿਲ ਨੂੰ ਹਸਪਤਾਲ ਸਮੇਂ 'ਤੇ ਪਹੁੰਚਾਉਣ ਲਈ ਪ੍ਰਸ਼ਾਸਨ ਵਲੋਂ ਗ੍ਰੀਨ ਕੋਰੀਡੋਰ ਬਣਾਇਆ ਗਿਆ ਤੇ ਜਿਸ ਸਫਰ 'ਚ 55 ਮਿੰਟ ਤੋਂ 1 ਘੰਟਾ ਲੱਗਦਾ ਹੈ, ਉਸ ਦੂਰੀ ਨੂੰ 22 ਮਿੰਟ 'ਚ ਕਵਰ ਕਰਕੇ ਦਿਲ ਨੂੰ ਸੁਰੱਖਿਅਤ ਹਸਪਤਾਲ ਪਹੁੰਚਾ ਦਿੱਤਾ ਗਿਆ। ਇਸ ਸਫਲ ਹਾਰਟ ਸਰਜਰੀ ਨੂੰ ਕੇ.ਐਮ. ਮੰਦਾਨਾ ਤੇ ਡਾਕਟਰ ਤਾਪਸ ਰਾਏਚੌਧਰੀ ਦੀ ਦੇਖ-ਰੇਖ 'ਚ ਕੀਤਾ ਗਿਆ। ਫਿਲਹਾਲ ਮਰੀਜ਼ ਨੂੰ ਸਰਜਰੀ ਤੋਂ ਬਾਅਦ ਆਬਰਜ਼ਰਵੇਸ਼ਨ 'ਤੇ ਰੱਖਿਆ ਗਿਆ ਹੈ। ਕੋਲਕਾਤਾ ਸਟੇਟ ਆਰਗਨ ਡੋਨੇਸ਼ਨ ਨੋਡਲ ਅਫਸਰ ਅਦਿਤੀ ਕਿਸ਼ੋਰ ਸਰਕਾਰ ਦਾ ਕਹਿਣਾ ਹੈ ਕਿ ਇਸ ਮੁਸ਼ਕਲ ਕੰਮ ਨੂੰ ਬਿਹਤਰੀਨ ਢੰਗ ਨਾਲ ਅੰਜਾਮ ਦਿੱਤਾ ਗਿਆ। ਇਸ ਤਰ੍ਹਾਂ ਦੀ ਕੋਸ਼ਿਸ਼ ਪਹਿਲਾਂ ਵੀ ਕੀਤੀ ਗਈ ਹੈ, ਪਰ ਉਹ ਕਿਸੇ ਕਾਰਨ ਸਫਲ ਨਹੀਂ ਹੋ ਸਕੀ ਸੀ।