ਬੱਚਿਆਂ ਨੂੰ ਲੱਗ ਰਹੇ ਖਸਰਾ ਤੇ ਰੁਬੇਲਾ ਦੇ ਟੀਕਿਆਂ ਕਾਰਨ ਮਾਪਿਆਂ ''ਚ ਡਰ

05/02/2018 3:32:50 AM

ਸੁਲਤਾਨਪੁਰ ਲੋਧੀ, (ਧੀਰ)- ਸੋਸ਼ਲ ਮੀਡੀਆ 'ਤੇ ਖਸਰਾ ਤੇ ਰੁਬੇਲਾ ਸਬੰਧੀ ਬੱਚਿਆਂ ਦੇ ਲੱਗ ਰਹੇ ਟੀਕਿਆਂ ਦੇ ਸਾਈਡ ਇਫੈਕਟ ਹੋਣ ਦੀ ਫੈਲ ਰਹੀ ਖਬਰ ਕਾਰਨ ਬੱਚਿਆਂ ਦੇ ਮਾਤਾ-ਪਿਤਾ 'ਚ ਬੇਹੱਦ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
 ਪਵਿੱਤਰ ਨਗਰੀ ਸੁਲਤਾਨਪੁਰ ਲੋਧੀ 'ਚ ਅੱਜ ਦਿਨ ਭਰ ਕਈ ਪ੍ਰਾਈਵੇਟ ਸਕੂਲਾਂ 'ਚ ਬੱਚਿਆਂ ਦੇ ਮਾਪਿਆਂ ਵੱਲੋਂ ਪਹੁੰਚ ਕੇ ਸਕੂਲ ਮੈਨੇਜਮੈਂਟ ਤੇ ਪ੍ਰਿੰਸੀਪਲ ਨੂੰ ਉਨ੍ਹਾਂ ਦੇ ਬੱਚਿਆਂ ਦੇ ਟੀਕੇ ਨਾ ਲਾਉਣ ਲਈ ਕਿਹਾ ਗਿਆ। ਸੋਸ਼ਲ ਮੀਡੀਆ 'ਤੇ ਇਕ ਬੱਚੇ ਦੀ ਵੀਡੀਓ ਵਾਇਰਲ ਹੋਣ ਕਾਰਨ ਇਸ ਟੀਕੇ ਦੇ ਸਬੰਧੀ ਕਈ ਸਵਾਲ ਉਠ ਰਹੇ ਹਨ। ਬੱਚਿਆਂ ਦੀ ਸਿਹਤ ਸਬੰਧੀ ਲੱਗ ਰਹੇ ਟੀਕੇ ਕਾਰਨ ਸਭ ਤੋਂ ਜ਼ਿਆਦਾ ਚਿੰਤਾ ਬੱਚਿਆਂ ਦੇ ਮਾਂ-ਬਾਪ ਨੂੰ ਲੱਗੀ ਹੋਈ ਹੈ ਤੇ ਮਾਪਿਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜੇ ਸਾਡੇ ਇਕੋ-ਇਕ ਬੱਚੇ ਨੂੰ ਕੁਝ ਹੋ ਗਿਆ ਤਾਂ ਕੀ ਕਰਾਂਗੇ।
 ਇਸ ਸਬੰਧੀ ਜਦੋਂ 'ਜਗ ਬਾਣੀ' ਟੀਮ ਨੇ ਐੱਸ. ਐੱਮ. ਓ. ਡਾ. ਕੁਲਮਿੰਦਰਜੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸਿਰਫ ਕੋਰੀ ਅਫਵਾਹ ਹੈ ਤੇ ਕਿਸੇ ਵੀ ਬੱਚੇ ਨੂੰ ਇਸ ਟੀਕੇ ਦੇ ਲੱਗਣ ਨਾਲ ਕੋਈ ਵੀ ਸਾਈਡ ਇਫੈਕਟ ਹੋਣ ਦੀ ਖਬਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਾਣਬੁਝ ਕੇ ਸੋਸ਼ਲ ਮੀਡੀਆ 'ਤੇ ਬੱਚਿਆਂ ਦੇ ਮਾਪਿਆਂ 'ਚ ਵਹਿਮ-ਭਰਮ ਪਾਉਣ ਵਾਸਤੇ ਇਹ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਜਦਕਿ ਹਕੀਕਤ ਇਸ ਤੋਂ ਕਿਤੇ ਪਰ੍ਹੇ ਹੈ। ਉਨ੍ਹਾਂ ਕਿਹਾ ਕਿ ਇਹ ਨੈਸ਼ਨਲ ਹੈਲਥ ਪ੍ਰੋਗਰਾਮ ਹੈ, ਜਿਸ ਤਹਿਤ ਪਹਿਲਾਂ ਕਈ ਸੂਬਿਆਂ 'ਚ ਬੱਚਿਆਂ ਨੂੰ ਟੀਕੇ ਲੱਗ ਚੁੱਕੇ ਹਨ। ਇਹ ਟੀਕੇ 9 ਮਹੀਨੇ ਤੋਂ 15 ਸਾਲ ਦੇ ਬੱਚਿਆਂ ਦੇ ਲਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਪਹਿਲਾਂ ਪੋਲੀਓ ਦੀ ਖਤਰਨਾਕ ਬੀਮਾਰੀ ਤੋਂ ਪੂਰੇ ਵਿਸ਼ਵ ਨੇ ਇਕਜੁੱਟ ਹੋ ਕੇ ਲੜਾਈ ਜਿੱਤੀ ਹੈ, ਠੀਕ ਇਹ ਲੜਾਈ ਇਸੇ ਤਰ੍ਹਾਂ ਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਬੱਚਿਆਂ ਦੇ ਮਾਪੇ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਹਾਲੇ ਵੀ ਇਨ੍ਹਾਂ ਝੂਠੀਆਂ ਅਫਵਾਹਾਂ 'ਤੇ ਵਿਸ਼ਵਾਸ ਕਰਦੇ ਹਨ। ਸਾਨੂੰ ਉਨ੍ਹਾਂ ਨੂੰ ਜਾਗਰੂਕ ਕਰਨ ਦੀ ਬਹੁਤ ਜ਼ਰੂਰਤ ਹੈ।
 ਉਨ੍ਹਾਂ ਦੱਸਿਆ ਕਿ ਇਸ ਟੀਕੇ ਨੂੰ ਲਾਉਣ ਸਬੰਧੀ ਸਿੱਖਿਆ ਵਿਭਾਗ, ਆਂਗਣਵਾੜੀ ਤੇ ਹੋਰ ਵਿਭਾਗਾਂ ਵਾਲਿਆਂ ਨਾਲ ਮੀਟਿੰਗ ਕਰ ਕੇ ਪਹਿਲਾਂ ਹੀ ਜਾਗਰੂਕ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਖਸਰਾ ਤੇ ਰੁਬੇਲਾ ਬਹੁਤ ਹੀ ਖਤਰਨਾਕ ਬੀਮਾਰੀ ਹੈ, ਜੇ ਕਿਸੇ ਬੱਚੇ ਨੂੰ ਹੋ ਜਾਵੇ ਤਾਂ ਬੱਚੇ ਦੀ ਸਿਹਤ ਫਿਰ ਠੀਕ ਹੋਣ ਦਾ ਨਾਂ ਹੀ ਨਹੀਂ ਲੈਂਦੀ। ਉਨ੍ਹਾਂ ਕਿਹਾ ਕਿ ਰੁਬੇਲਾ ਇਕ ਅਜਿਹੀ ਬੀਮਾਰੀ ਹੈ ਜੇ ਉਹ ਕਿਸੇ ਲੜਕੀ ਨੂੰ ਹੋ ਜਾਵੇ ਤਾਂ ਉਸ ਨੂੰ ਵਿਆਹ ਤੋਂ ਬਾਅਦ ਪ੍ਰੈਗਨੈਂਸੀ ਸਮੇਂ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਐੱਸ. ਐੱਮ. ਓ. ਡਾ. ਕੁਲਮਿੰਦਰਜੀਤ ਕੌਰ ਨੇ ਦੱਸਿਆ ਕਿ ਇਹ ਟੀਕੇ ਹੁਣ ਸਰਕਾਰ ਵੱਲੋਂ ਮੁਫਤ ਲਾਏ ਜਾ ਰਹੇ ਹਨ, ਜਿਸ ਕਾਰਨ ਕੁਝ ਕੰਪਨੀਆਂ ਝੂਠਾ ਪ੍ਰਚਾਰ ਸੋਸ਼ਲ ਮੀਡੀਆ ਰਾਹੀਂ ਕਰ ਰਹੀਆਂ ਹਨ, ਜੋ ਕਿ ਬਹੁਤ ਗਲਤ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਬੱਚੇ ਦੇ ਜ਼ਬਰਦਸਤੀ ਤਾਂ ਇਹ ਟੀਕਾ ਨਹੀਂ ਲਾ ਸਕਦੇ ਪਰ ਇਸ ਬੀਮਾਰੀ ਨੂੰ ਖਤਮ ਕਰਨ ਦਾ ਮਿਸ਼ਨ ਸਾਡਾ ਅਧੂਰਾ ਰਹਿ ਜਾਵੇਗਾ। ਇਸ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਬੱਚਿਆਂ ਦੇ ਮਾਪਿਆਂ ਨੂੰ ਜਾਗਰੂਕ ਕਰਨਾ ਪਵੇਗਾ ਕਿ ਬੱਚੇ ਦੀ ਸਿਹਤ ਤੋਂ ਅੱਗੇ ਹੋਰ ਕੁਝ ਵੀ ਨਹੀਂ ਹੈ। 
ਕੀ ਕਹਿੰਦੇ ਹਨ ਬੱਚਿਆਂ ਦੇ ਮਾਹਿਰ ਡਾਕਟਰ
ਇਸ ਸਬੰਧੀ ਬੱਚਿਆਂ ਦੇ ਮਾਹਿਰ ਡਾ. ਹਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਟੀਕੇ ਸਬੰਧੀ ਫੈਲੀ ਅਫਵਾਹ ਨੂੰ ਝੂਠਾ ਦੱਸਿਆ ਤੇ ਕਿਹਾ ਕਿ ਇਹ ਟੀਕੇ ਤਾਂ ਕਈ ਸਾਲਾਂ ਤੋਂ ਲੱਗ ਰਹੇ ਹਨ ਤੇ ਇਹ ਪ੍ਰੋਗਰਾਮ ਵਿਸ਼ਵ ਹੈਲਥ ਆਰਗੇਨਾਈਜ਼ੇਸ਼ਨ ਦਾ ਹੁੰਦਾ ਹੈ, ਜਿਸ ਨੂੰ ਸਾਡੇ ਦੇਸ਼ ਦੀ ਸਰਕਾਰ ਨੇ ਲਾਗੂ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਟੀਕੇ ਦੇ ਕੋਈ ਵੀ ਸਾਈਡ ਇਫੈਕਟ ਨਹੀਂ ਹਨ। ਡਾ. ਹਰਜੀਤ ਸਿੰਘ ਨੇ ਕਿਸੇ ਇਕ ਧਰਮ ਦੇ ਬੱਚੇ ਸਬੰਧੀ ਫੈਲੇ ਵੀਡੀਓ 'ਤੇ ਸਵਾਲ ਉਠਾਉਂਦੇ ਕਿਹਾ ਕਿ ਇਹ ਗਲਤ ਹੈ ਇਹ ਟੀਕੇ ਹਰ ਧਰਮ ਦੇ ਬੱਚੇ ਨੂੰ ਲਾਏ ਜਾ ਰਹੇ ਹਨ। ਸਕੂਲੀ ਬੱਚਿਆਂ ਦੇ ਬੀਮਾਰ ਹੋਣ ਸਬੰਧੀ ਪੁੱਛੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਰੋਜ਼ਾਨਾ ਜੇ ਸਾਡੇ ਕੋਲ 30 ਬੱਚੇ ਦਵਾਈ ਲੈਣ ਆਉਂਦੇ ਹਨ ਤਾਂ ਉਨ੍ਹਾਂ 'ਚੋਂ 10 ਜ਼ਰੂਰ ਸਕੂਲੀ ਬੱਚੇ ਹੁੰਦੇ ਹਨ ਤੇ ਜੇ ਹੁਣ ਕਿਸੇ ਬੱਚੇ ਨੂੰ ਟੀਕਾ ਲਾ ਦਿੱਤਾ ਜਾਵੇ ਤਾਂ ਉਹ ਬੀਮਾਰ ਹੋ ਜਾਵੇਗਾ ਤਾਂ ਉਹ ਟੀਕੇ ਨਾਲ ਬੀਮਾਰ ਹੋਇਆ ਇਹ ਗਲਤ ਹੈ। ਉਨ੍ਹਾਂ ਸਮੂਹ ਬੱਚਿਆਂ ਦੇ ਮਾਪਿਆਂ ਨੂੰ ਇਸ ਟੀਕੇ ਤੋਂ ਫੈਲੀ ਗਲਤ ਅਫਵਾਹ 'ਤੇ ਯਕੀਨ ਨਾ ਕਰਨ ਨੂੰ ਕਿਹਾ ਹੈ।