30 ਸਾਲ ਪਹਿਲਾਂ ਡਾਕਟਰਾਂ ਦੀ ਰਿਹਾਇਸ਼ ਲਈ ਬਣਾਏ ਕੁਆਰਟਰ ਬਣੇ ਨਸ਼ੇੜੀਆਂ ਦਾ ਅੱਡਾ

05/21/2018 11:41:14 AM

ਭੁਲੱਥ, (ਭੁਪੇਸ਼)—ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਵਿਚ ਸਿਹਤ ਵਿਭਾਗ ਦੀ ਕਾਫੀ ਜ਼ਮੀਨ ਹੈ, ਜਿਸ ਨੂੰ ਵਰਤਣ ਲਈ ਸਮੇਂ-ਸਮੇਂ ਦੀਆਂ ਕੇਂਦਰੀ ਤੇ ਸੂਬਾ ਸਰਕਾਰਾਂ ਅਤੇ ਸਿਹਤ ਵਿਭਾਗ ਦੇ ਮੰਤਰੀਆਂ ਦੇ ਧਿਆਨ 'ਚ ਲਿਆਉਣ 'ਤੇ ਵੀ ਕਦੇ ਕਿਸੇ ਨੇ ਗੌਰ ਨਹੀਂ ਫਰਮਾਇਆ। ਇਸ ਵਿਭਾਗ ਦੀ ਜ਼ਮੀਨ ਦੇ ਕੁਝ ਕੁ ਹਿੱਸੇ ਵਿਚ, ਜਿਸ ਵਿਚ ਤੀਹ ਕੁ ਸਾਲ ਪਹਿਲਾਂ ਹਸਪਤਾਲ ਦੇ ਡਾਕਟਰਾਂ ਦੀ ਰਿਹਾਇਸ਼ ਲਈ ਕੁਆਰਟਰ ਬਣਾਏ ਗਏ ਸਨ, ਜੋ ਸਿਰਫ ਤਿਆਰੀ ਤੋਂ ਬਿਨਾਂ ਹੀ ਖੜ੍ਹੇ-ਖੜ੍ਹੇ ਖੰਡਰ ਬਣ ਗਏ ਹਨ, ਜਿਸ ਨਾਲ ਵਿਭਾਗ ਵੱਲੋਂ ਲੱਖਾਂ ਰੁਪਏ ਦੀ ਵੱਡੀ ਖਰਚੀ ਰਕਮ ਮਹਿਜ਼ ਮਿੱਟੀ ਹੋ ਕੇ ਰਹਿ ਗਈ ਹੈ ਪਰ ਸਰਕਾਰਾਂ ਇਸ ਵੱਲ ਆਪਣਾ ਧਿਆਨ ਕੇਂਦਰਿਤ ਕਰਨ ਲਈ ਸੰਜੀਦਾ ਨਹੀਂ ਹਨ। ਇਹ ਕੁਆਰਟਰ ਡਾਕਟਰਾਂ ਦੀ ਰਿਹਾਇਸ਼ ਲਈ ਤਾਂ ਕੰਮ ਨਹੀਂ ਆ ਰਹੇ ਪਰ ਨਸ਼ੇੜੀਆਂ ਤੇ ਮਾੜੇ ਅਨਸਰਾਂ ਲਈ ਵਰਦਾਨ ਜ਼ਰੂਰ ਸਿੱਧ ਹੋ ਰਹੇ ਹਨ। ਇਥੇ ਦੇ ਲੋਕਾਂ ਦੀ ਮੰਗ ਹੈ ਕਿ ਇਨ੍ਹਾਂ ਵਿਰਾਨ ਬਣੇ ਕੁਆਰਟਰਾਂ ਦੀ ਪੂਰੀ ਤਿਆਰੀ ਕਰਕੇ ਤੇ ਸਿਹਤ ਵਿਭਾਗ ਦੀ ਹੋਰ ਰਹਿੰਦੀ ਜ਼ਮੀਨ ਦੀ ਹੱਦਬੰਦੀ ਕਰਕੇ ਇਸ ਜਗ੍ਹਾ 'ਤੇ ਰਿਹਾਇਸ਼ ਲਈ ਕੁਆਰਟਰ ਬਣਾਏ ਜਾਣ ਤਾਂ ਇਹ ਕੁਆਰਟਰ ਬਣਨ ਵਾਲੀ ਸਬ ਡਵੀਜ਼ਨ ਕੋਰਟ ਦੇ ਇਕ ਦਮ ਸਾਹਮਣੇ ਹਨ, ਜੋ ਜੱਜ ਸਹਿਬਾਨਾਂ ਦੀ ਰਿਹਾਇਸ਼ ਲਈ ਸੂਟਏਬਲ ਵੀ ਹੋਵੇਗੀ, ਜਿਸ ਨਾਲ ਮੁੱਲਾਂ ਨਿਵਾਸੀਆਂ ਨੂੰ ਵਿਰਾਨ ਪਏ ਕੁਆਰਟਰਾਂ ਤੋਂ ਨਿਜਾਤ ਮਿਲੇਗੀ, ਜੋ ਮੁਹੱਲਾ ਵਾਸੀਆਂ ਵੱਲੋਂ ਸਾਲਾਂ ਬੱਧੀ ਮੰਗ ਕਰਨ 'ਤੇ ਵੀ ਉਨ੍ਹਾਂ ਨੂੰ ਖੈਰ ਨਹੀਂ ਪਈ ਸੀ। ਹੁਣ ਵੀ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਨਿਰਭਰ ਹੈ ਕਿ ਇਹ ਜਗ੍ਹਾ ਉਨ੍ਹਾਂ ਦੇ ਧਿਆਨ 'ਚ ਹੈ ਕਿ ਨਹੀਂ। ਜੇਕਰ ਇਸ ਜਗ੍ਹਾ ਦੀ ਵਰਤੋਂ ਹੋਵੇ ਤਾਂ ਰਿਹਾਇਸ਼ੀ ਕੁਆਰਟਰਾਂ ਲਈ ਵੱਡੀ ਕਰੋੜਾਂ ਦੀ ਰਕਮ ਖਰਚ ਕਰਕੇ ਜ਼ਮੀਨ ਖ੍ਰੀਦਣ ਦੀ ਲੋੜ ਨਹੀਂ ਰਹੇਗੀ।