ਪੱਤਲ ਸਾੜਨ ਦੌਰਾਨ ਡੇਰਾ ਹਨੂਮਾਨਗੜ੍ਹੀ ਅਤੇ ਪੀਰਖਾਨਾ ਸਮਰਥਕਾਂ ਵਿਚਕਾਰ ਝੜਪ

05/27/2018 3:53:25 AM

ਮੌੜ ਮੰਡੀ(ਪ੍ਰਵੀਨ)-ਸਥਾਨਕ ਪੀਰਖਾਨਾ ਅਤੇ ਡੇਰਾ ਮੋਨੀ ਬਾਬਾ ਹਨੂਮਾਨਗੜ੍ਹੀ ਦੇ ਸਮਰਥਕਾਂ ਵਿਚਕਾਰ ਕੰਧ ਢਾਹੁਣ ਨੂੰ ਲੈ ਕੇ ਚਲ ਰਿਹਾ ਵਿਵਾਦ ਠੰਡਾ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ, ਜਿਸ ਕਾਰਨ ਦੋਵੇਂ ਧਿਰਾਂ ਵਿਚਕਾਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਵਿਵਾਦ ਲਗਾਤਾਰ ਹੁੰਦਾ ਰਹਿੰਦਾ ਹੈ। ਇਸ ਵਿਵਾਦ ਦੇ ਕਾਰਨ ਬੀਤੇ ਦਿਨ ਪੀਰਖਾਨਾ ਅਤੇ ਡੇਰਾ ਸਮਰਥਕਾਂ ਵਿਚਕਾਰ ਸਾਲਾਨਾ ਦੀਵਾਨ ਖਤਮ ਹੋਣ ਮੌਕੇ ਪੱਤਲ ਸੁੱਟਣ ਨੂੰ ਲੈ ਕੇ ਭਾਰੀ ਵਿਵਾਦ ਹੋਇਆ ਅਤੇ ਇੱਟਾਂ ਰੋੜੇ ਵੀ ਚੱਲੇ। ਜਾਣਕਾਰੀ ਅਨੁਸਾਰ ਪੀਰਖਾਨਾ ਮੌੜ ਵਿਖੇ ਸਾਲਾਨਾ ਦੀਵਾਨ ਖਤਮ ਹੋਣ ਤੋਂ ਬਾਅਦ ਜਦ ਪੀਰਖਾਨਾ ਦੇ ਸੇਵਾਦਾਰ ਰੇਲਵੇ ਲਾਈਨ ਦੇ ਨਜ਼ਦੀਕ ਜੂਠੇ ਪੱਤਲਾਂ ਨੂੰ ਇਕੱਠੇ ਕਰ ਕੇ ਸਾੜ ਰਹੇ ਸਨ ਤਾਂ ਡੇਰਾ ਸਮਰਥਕਾਂ ਨੇ ਉਸ ਉਪਰ ਪਾਣੀ ਪਾ ਕੇ ਅੱਗ ਬੁਝਾ ਦਿੱਤੀ। ਇਸ 'ਤੇ ਪੀਰਖਾਨਾ ਦੇ ਸਮਰਥਕ ਗੁੱਸੇ 'ਚ ਆ ਗਏ ਅਤੇ ਉਨ੍ਹਾਂ ਨੇ ਇਕੱਠੇ ਹੋ ਕੇ ਦੁਬਾਰਾ ਫਿਰ ਪੱਤਲਾਂ ਨੂੰ ਅੱਗ ਲਾ ਦਿੱਤੀ, ਜਿਸ 'ਤੇ ਡੇਰਾ ਸਮਰਥਕ ਭੜਕ ਗਏ ਅਤੇ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ। ਸੂਚਨਾ ਮਿਲਣ 'ਤੇ ਪੁਲਸ ਪ੍ਰਸ਼ਾਸਨ ਨੇ ਮੌਕੇ 'ਤੇ ਪੁੱਜ ਕੇ ਤੁਰੰਤ ਹੀ ਸਥਿਤੀ ਨੂੰ ਸੰਭਾਲ ਲਿਆ ਅਤੇ ਹੋਰ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਅੱਜ ਵੀ ਏ. ਆਰ. ਪੀ. ਬਠਿੰਡਾ ਦੇ ਜਵਾਨ ਘਟਨਾ ਸਥਾਨ 'ਤੇ ਤਾਇਨਾਤ ਕੀਤੇ ਹੋਏ ਹਨ। ਇਸ ਸਬੰਧੀ ਗੇਜ ਕੌਰ ਨੇ ਦੱਸਿਆ ਕਿ ਡੇਰਾ ਦੇ ਸਮਰਥਕਾਂ ਨੇ ਮੇਰੇ ਲੜਕੇ ਸੁਲਤਾਨ ਨੂੰ ਘੇਰ ਲਿਆ ਅਤੇ ਉਸਦੀ ਕੁੱਟ-ਮਾਰ ਕਰਨ ਲੱਗੇ ਜਦ ਮੈਂ ਉਸ ਨੂੰ ਛੁਡਾਉਣ ਲਈ ਗਈ ਤਾਂ ਕੁਝ ਵਿਅਕਤੀਆਂ ਨੇ ਮੇਰੇ ਵੀ ਥੱਪੜ ਮਾਰੇ, ਜਿਸ ਸਬੰਧੀ ਮੈਂ ਥਾਣਾ ਮੌੜ ਵਿਖੇ ਲਿਖਤੀ ਰੂਪ 'ਚ ਵੀ ਦਿੱਤਾ ਹੋਇਆ ਹੈ।  ਇਸ ਸਬੰਧੀ ਪੀਰਖਾਨਾ ਸਮਰਥਕਾਂ ਦਾ ਕਹਿਣਾ ਹੈ ਕਿ ਹਜ਼ਾਰਾਂ ਦੀ ਤਦਾਦ 'ਚ ਸ਼ਰਧਾਲੂ ਬਾਬਾ ਜੀ ਦੇ ਦਰਬਾਰ 'ਤੇ ਮੱਥਾ ਟੇਕਣ ਲਈ ਪੁੱਜੇ ਹੋਏ ਸਨ ਅਤੇ ਹਜ਼ਾਰਾਂ ਹੀ ਲੋਕਾਂ ਨੇ ਲੰਗਰ ਛਕਿਆ ਸੀ, ਜਿਸ ਕਾਰਨ ਪੱਤਲਾਂ ਨੂੰ ਖਤਮ ਕਰਨ ਲਈ ਰੇਲਵੇ ਲਾਈਨ ਕੋਲ ਸੁੱਟਿਆ ਗਿਆ ਸੀ। ਜਿਸ 'ਤੇ ਡੇਰਾ ਸਮਰਥਕਾਂ ਨੇ ਬੇਵਜ੍ਹਾ ਲੜਾਈ ਕੀਤੀ ਜਦੋਂ ਕਿ ਹਰ ਸਾਲ ਸਾਰੀ ਜਗ੍ਹਾ ਦੀ ਸਫਾਈ ਪੀਰਖਾਨਾ ਟਰੱਸਟ ਹੀ ਕਰਵਾਉਂਦਾ ਹੈ। ਜਗ੍ਹਾ ਦੇ ਵਿਵਾਦ ਦੀ ਰੰਜਿਸ਼ ਕਾਰਨ ਡੇਰਾ ਸਮਰਥਕ ਜਾਣ-ਬੁੱਝ ਕੇ ਲੜਾਈ ਦੀ ਭਾਲ 'ਚ ਰਹਿੰਦੇ ਹਨ।  ਇਸ ਸਬੰਧੀ ਡੇਰਾ ਸਮਰਥਕਾਂ ਦਾ ਕਹਿਣਾ ਹੈ ਕਿ ਅਸੀਂ ਪੀਰਖਾਨੇ ਦੇ ਸਮੱਰਥਕਾਂ ਨੂੰ ਪੱਤਲਾਂ ਨੂੰ ਸਾੜਨ ਤੋਂ ਰੋਕਿਆ ਸੀ ਪਰ ਉਨ੍ਹਾਂ ਨੇ ਰੁਕਣ ਦੀ ਥਾਂ ਸਾਨੂੰ ਡਾਂਗਾਂ ਦਿਖਾ ਕੇ ਡਰਾਉਣ ਅਤੇ ਕੁੱਟ-ਮਾਰ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਅਸੀਂ ਸਭ ਨੇ ਪੀਰਖਾਨਾ ਸਮਰਥਕਾਂ 'ਤੇ ਰੋੜੇ ਚਲਾ ਦਿੱਤੇ। 
ਦੱਸਣਾ ਬਣਦਾ ਹੈ ਕਿ ਡੇਰਾ ਮੋਨੀ ਬਾਬਾ ਹਨੂਮਾਨ ਗੜ੍ਹੀ ਅਤੇ ਪੀਰਖਾਨਾ ਮੌੜ ਵਿਚਕਾਰ ਇਕ ਕੰਧ ਨੂੰ ਢਾਹੇ ਜਾਣ ਕਾਰਨ ਵਿਵਾਦ ਚਲ ਰਿਹਾ ਹੈ। ਡੇਰਾ ਸਮਰਥਕਾਂ ਨੇ ਇਕ ਕੰਧ ਢਾਹ ਕੇ ਡੇਰੇ ਲਈ ਰਸਤਾ ਬਣਾ ਲਿਆ ਸੀ। ਇਸ ਵਿਵਾਦਤ ਜਗ੍ਹਾ ਨੂੰ ਪੀਰਖਾਨਾ ਸਮਰਥਕ ਪੀਰਖਾਨੇ ਦੀ ਥਾਂ ਦੱਸਦੇ ਹਨ ਜਦ ਕਿ ਡੇਰਾ ਸਮਰਥਕ ਇਸ ਨੂੰ ਸਰਕਾਰੀ ਥਾਂ ਦੱਸਦੇ ਹਨ। ਇਸ ਤੋਂ ਬਾਅਦ ਇਹ ਵਿਵਾਦ ਅਦਾਲਤ ਵਿਚ ਚਲਾ ਗਿਆ ਹੈ ਪਰ ਫਿਰ ਵੀ ਇਸ ਜਗ੍ਹਾ ਦੇ ਵਿਵਾਦ ਨੂੰ ਲੈ ਕੇ ਡੇਰਾ ਸਮਰਥਕਾਂ ਅਤੇ ਪੀਰਖਾਨਾ ਸਮਰਥਕਾਂ ਵਿਚਕਾਰ ਜ਼ਬਰਦਸਤ ਤਨਾਅ ਚਲ ਰਿਹਾ ਹੈ। ਜੋ ਕਿਸੇ ਵੀ ਸਮੇਂ ਭਿਆਨਕ ਰੂਪ ਧਾਰਨ ਕਰ ਸਕਦਾ ਹੈ। ਹੁਣ ਦੇਖਣਾ ਇਹ ਹੈ ਕਿ ਦੋਵੇਂ ਧਾਰਮਕ ਸੰਸਥਾਵਾਂ ਵਿਚਕਾਰ ਜਗ੍ਹਾ ਨੂੰ ਲੈ ਕੇ ਚਲ ਰਹੇ ਵਿਵਾਦ ਦਾ ਪ੍ਰਸ਼ਾਸਨ ਕੋਈ ਹੱਲ ਕੱਢਣ 'ਚ ਸਫ਼ਲ ਹੁੰਦਾ ਹੈ ਜਾ ਫਿਰ ਕੋਈ ਵੱਡੀ ਘਟਨਾ ਵਾਪਰਨ ਤੋਂ ਬਾਅਦ ਹੀ ਇਸ ਦਾ ਹੱਲ ਨਿਕਲੇਗਾ।