ਚੰਡੀਗੜ੍ਹ : ਅੱਧੀ ਰਾਤ ਤੋਂ ਬਾਅਦ ਨਹੀਂ ਚੱਲਣਗੇ ਡਿਸਕੋ, ਕਲੱਬ

05/11/2018 10:08:26 AM

ਚੰਡੀਗੜ੍ਹ (ਰਜਿੰਦਰ) : ਡਿਪਟੀ ਕਮਿਸ਼ਨਰ ਅਜੀਤ ਬਾਲਾ ਜੀ ਜੋਸ਼ੀ ਨੇ ਅੱਧੀ ਰਾਤ ਤੋਂ ਬਾਅਦ ਚੱਲ ਰਹੇ ਕਲੱਬਾਂ, ਡਿਸਕੋ, ਢਾਬਿਆਂ, ਰੈਸਟੋਰੈਂਟਾਂ 'ਤੇ ਧਾਰਾ-144 ਲਾਗੂ ਕਰ ਦਿੱਤੀ ਹੈ, ਜਿਸ ਤਹਿਤ ਅੱਧੀ ਰਾਤ ਤੋਂ ਤੜਕੇ 4.30 ਵਜੇ ਤਕ ਇਨ੍ਹਾਂ ਨੂੰ ਬੰਦ ਰੱਖਣਾ ਹੋਵੇਗਾ। ਇਸ ਤੋਂ ਇਲਾਵਾ ਰੋਡ ਸਾਈਡ ਵੈਂਡਰ ਵੀ ਅੱਧੀ ਰਾਤ ਤੋਂ ਬਾਅਦ ਕੰਮ ਨਹੀਂ ਕਰ ਸਕਣਗੇ ਕਿਉਂਕਿ ਜਨਤਕ ਥਾਵਾਂ 'ਤੇ ਚੱਲ ਰਹੇ ਇਹ ਡਿਸਕੋ ਜਨਤਕ ਸ਼ਾਂਤੀ ਲਈ ਖ਼ਤਰਾ ਹਨ ਤੇ ਇਸਦੇ ਭੈੜੇ ਪ੍ਰਭਾਵ ਵੀ ਹਨ। ਇਹ ਹੁਕਮ 9 ਮਈ 2018 ਤੋਂ ਲੈ ਕੇ 7 ਜੁਲਾਈ 2018 ਤਕ ਲਾਗੂ ਰਹਿਣਗੇ।  
ਇਸ ਤੋਂ ਇਲਾਵਾ ਅਗਲੇ 60 ਦਿਨਾਂ ਲਈ ਯੂ. ਟੀ. ਲਿਮਿਟ ਦੇ ਅੰਡਰ ਹਥਿਆਰ ਤੇ ਸ਼ਸਤਰ ਰੱਖਣ 'ਤੇ ਵੀ ਡੀ. ਸੀ. ਨੇ ਰੋਕ ਲਾ ਦਿੱਤੀ ਹੈ। ਡੀ. ਸੀ. ਨੇ ਕਿਹਾ ਕਿ ਇਨ੍ਹਾਂ ਹਥਿਆਰਾਂ ਦਾ ਲੋਕ ਗਲਤ ਇਸਤੇਮਾਲ ਕਰ ਸਕਦੇ ਹਨ, ਜੋ ਕਿ ਸ਼ਾਂਤੀ ਭੰਗ ਕਰਨ ਦੇ ਨਾਲ ਹੀ ਲੋਕਾਂ ਦੀ ਜਾਨ ਲਈ ਵੀ ਖ਼ਤਰਾ ਹੈ। ਇਹੀ ਕਾਰਨ ਹੈ ਕਿ ਖਤਰਨਾਕ ਹਥਿਆਰ, ਡਾਂਗਾਂ, ਤਲਵਾਰਾਂ, ਚਾਕੂ ਤੇ ਲੋਹੇ ਦੀ ਰਾਡ ਆਦਿ ਰੱਖਣ 'ਤੇ ਰੋਕ ਲਾ ਦਿੱਤੀ ਹੈ। ਇਹ ਹੁਕਮ ਪੁਲਸ, ਮਿਲਟਰੀ ਤੇ ਪੈਰਾ-ਮਿਲਟਰੀ ਕਰਮਚਾਰੀਆਂ 'ਤੇ ਲਾਗੂ ਨਹੀਂ ਹੋਣਗੇ ਪਰ ਇਹ ਸਾਰੇ ਕਰਮਚਾਰੀ ਆਪਣੀ ਸਰਵਿਸ ਯੂਨੀਫਾਰਮ ਵਿਚ ਡਿਊਟੀ ਦੌਰਾਨ ਹੀ ਹਥਿਆਰਾਂ ਨੂੰ ਨਾਲ ਰੱਖ ਸਕਣਗੇ।  
ਇਮੀਗ੍ਰੇਸ਼ਨ ਤੇ ਸਟੂਡੈਂਟ ਵੀਜ਼ਾ ਕੰਪਨੀਆਂ ਨੂੰ ਦੇਣੀ ਹੋਵੇਗੀ ਪੁਲਸ ਨੂੰ ਜਾਣਕਾਰੀ 
ਡੀ. ਸੀ. ਨੇ ਇਹ ਵੀ ਹੁਕਮ ਜਾਰੀ ਕੀਤੇ ਹਨ ਕਿ ਇਮੀਗਰੇਸ਼ਨ ਤੇ ਸਟੂਡੈਂਟ ਵੀਜ਼ਾ ਕੰਪਨੀਆਂ ਦੇ ਮਾਲਕਾਂ ਨੂੰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪੁਲਸ ਨੂੰ ਆਪਣੇ ਬਾਰੇ ਪੂਰੇ ਜਾਣਕਾਰੀ ਦੇਣੀ ਹੋਵੇਗੀ। ਇਹ ਸਾਹਮਣੇ ਆਇਆ ਹੈ ਕਿ ਅਜਿਹੀਆਂ ਕੰਪਨੀਆਂ ਆਪਣਾ ਕੰਮ ਸ਼ੁਰੂ ਕਰ ਲੈਂਦੀਆਂ ਹਨ ਅਤੇ ਲੋਕਾਂ ਨੂੰ ਠੱਗਣ ਤੋਂ ਬਾਅਦ ਚਲਦੀਆਂ ਬਣਦੀਆਂ ਹਨ ਤੇ ਆਪਣਾ ਦਫ਼ਤਰ ਵੀ ਬੰਦ ਕਰ ਦਿੰਦੀਆਂ ਹਨ। ਇਹੀ ਕਾਰਨ ਹੈ ਕਿ ਅਜਿਹੀਆਂ ਸਾਰੀਆਂ ਕੰਪਨੀਆਂ ਨੂੰ ਸ਼ਹਿਰ ਵਿਚ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸੈਕਟਰ-9 ਸਥਿਤ ਪੁਲਸ ਹੈੱਡਕੁਆਰਟਰ ਦੀ ਪਬਲਿਕ ਵਿੰਡੋ 'ਤੇ ਆਪਣੇ ਬਾਰੇ ਜਾਣਕਾਰੀ ਦੇਣੀ ਹੋਵੇਗੀ।  
ਕਿਰਾਏਦਾਰ, ਨੌਕਰ ਤੇ ਪੇਇੰਗ ਗੈਸਟ ਰੱਖਣ ਤੋਂ ਪਹਿਲਾਂ ਏਰੀਆ ਐੱਸ. ਐੱਚ. ਓ. ਨੂੰ ਦਿੱਤੀ ਜਾਵੇ ਜਾਣਕਾਰੀ  
ਇਸ ਤੋਂ ਇਲਾਵਾ ਇਹ ਵੀ ਹੁਕਮ ਜਾਰੀ ਕੀਤੇ ਗਏ ਹਨ ਕਿ ਸ਼ਹਿਰ ਵਿਚ ਕੋਈ ਵੀ ਵਿਅਕਤੀ ਕਿਰਾਏਦਾਰ,  ਨੌਕਰ ਤੇ ਪੇਇੰਗ ਗੈਸਟ ਰੱਖਣ ਤੋਂ ਪਹਿਲਾਂ ਉਸ ਦੀ ਪੂਰੀ ਜਾਣਕਾਰੀ ਏਰੀਆ ਐੱਸ. ਐੱਚ. ਓ. ਨੂੰ ਦੇਵੇ ਤਾਂ ਕਿ ਪੁਲਸ ਕੋਲ ਉਸ ਦਾ ਪੂਰਾ ਰਿਕਾਰਡ ਰਹਿ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਸ਼ਹਿਰ 'ਚ ਕਿਤੇ ਵੀ ਦੁਕਾਨਾਂ 'ਤੇ ਆਰਮੀ,  ਪੈਰਾ-ਮਿਲਟਰੀ ਫੋਰਸ ਤੇ ਪੁਲਸ ਨਾਲ ਸਬੰਧਤ ਕੱਪੜੇ, ਯੂਨੀਫਾਰਮ, ਸਟਿੱਕਰ ਲੋਕਾਂ ਨੂੰ ਵੇਚਣ ਤੋਂ ਪਹਿਲਾਂ ਗਾਹਕ ਦਾ ਆਈ. ਡੀ. ਪਰੂਫ਼ ਲੈਣਾ ਲਾਜ਼ਮੀ ਹੋਵੇਗਾ। ਅਜਿਹਾ ਸ਼ਹਿਰ ਵਿਚ ਕਿਸੇ ਵੀ ਤਰ੍ਹਾਂ ਦੇ ਅੱਤਵਾਦੀ ਹਮਲੇ ਦੇ ਖਤਰੇ ਨੂੰ ਵੇਖਦੇ ਹੋਏ ਸੁਰੱਖਿਆ ਵਜੋਂ ਕੀਤਾ ਗਿਆ ਹੈ।