ਫਰਜ਼ ਦੀ ਪਾਲਣਾ ਕਰਦਿਆਂ ਦੂਜਿਆਂ ਦੀ ਪ੍ਰਵਾਹ ਕਿਉਂ?

05/26/2018 9:08:34 AM

ਜਲੰਧਰ— ਇਕ ਦਿਨ ਇਕ ਭਲਾ ਵਿਅਕਤੀ ਸਵੇਰੇ-ਸਵੇਰੇ ਟਹਿਲ ਕੇ ਆਪਣੀ ਕੁਟੀਆ ਵਿਚ ਮੁੜਿਆ। ਉਸ ਨੂੰ ਕੁਟੀਆ ਦੇ ਬਾਹਰ ਇਕ ਰੋਗੀ ਪਿਆ ਮਿਲਿਆ, ਜਿਸ ਦੀ ਹਾਲਤ ਬਹੁਤ ਖਰਾਬ ਸੀ। ਉਸ ਨੂੰ ਕੋਹੜ ਸੀ। ਰੋਗੀ ਨੇ ਹੱਥ ਜੋੜ ਕੇ ਹੌਲੀ ਆਵਾਜ਼ ਵਿਚ ਕਿਹਾ,''ਮੈਂ ਤੁਹਾਡੇ ਦਰਵਾਜ਼ੇ 'ਤੇ ਸ਼ਾਂਤੀ ਨਾਲ ਮਰਨ ਆਇਆ ਹਾਂ।''
ਰੋਗੀ ਦੀ ਇਸ ਹਾਲਤ 'ਤੇ ਭਲੇ ਵਿਅਕਤੀ ਦਾ ਮਨ ਪਸੀਜਿਆ ਗਿਆ ਪਰ ਉਹ ਉਸ ਨੂੰ ਆਸਰਾ ਕਿਵੇਂ ਦੇਵੇ? ਉਹ ਇਕੱਲਾ ਤਾਂ ਸੀ ਨਹੀਂ, ਕੁਟੀਆ ਵਿਚ ਹੋਰ ਵੀ ਬਹੁਤ ਸਾਰੇ ਭੈਣ-ਭਰਾ ਰਹਿੰਦੇ ਸਨ। ਕੁਝ ਪਲ ਸ਼ਸ਼ੋਪੰਜ ਜਾਰੀ ਰਹੀ। ਅਖੀਰ ਵਿਚ ਉਹ ਕੁਟੀਆ 'ਚ ਚਲਾ ਗਿਆ। ਸ਼ਸ਼ੋਪੰਜ ਨੇ ਸੰਘਰਸ਼ ਦਾ ਰੂਪ ਧਾਰਨ ਕਰ ਲਿਆ। ਅੰਦਰੋਂ ਆਵਾਜ਼ ਆਈ,''ਤੂੰ ਖੁਦ ਨੂੰ ਸੇਵਕ ਕਹਿੰਦਾ ਏਂ, ਇਨਸਾਨੀਅਤ ਦੀ ਸੇਵਾ ਦਾ ਦਾਅਵਾ ਕਰਦਾ ਏਂ ਅਤੇ ਦੂਜੇ ਪਾਸੇ ਉਸ ਦੁਖੀ ਤੇ ਬੇਵੱਸ ਆਦਮੀ ਨੂੰ ਨਕਾਰਦਾ ਏਂ?''
ਅੰਦਰੋਂ ਦੂਜੀ ਆਵਾਜ਼ ਨੇ ਜਵਾਬ ਦਿੱਤਾ,''ਮੇਰੇ ਲਈ ਤਾਂ ਕੋਈ ਗੱਲ ਨਹੀਂ ਪਰ ਦੂਜੇ ਲੋਕ ਅਜਿਹੇ ਰੋਗੀ ਨੂੰ ਰੱਖਣਾ ਪਸੰਦ ਨਹੀਂ ਕਰਨਗੇ।'' ''ਠੀਕ ਹੈ, ਫਿਰ ਤੂੰ ਮਨੁੱਖੀ ਜਾਤ ਦੀ ਸੇਵਾ ਕਰਨ ਦਾ ਦਮ ਭਰਨਾਛੱਡ ਦੇ।''
ਇਸ ਵਾਰ ਆਵਾਜ਼ ਵਿਚ ਖਿੱਝ ਸੀ। ਸੰਘਰਸ਼ ਹੋਰ ਤਿੱਖਾ ਹੋ ਗਿਆ। ਅਖੀਰ ਵਿਚ ਭਲੇ ਵਿਅਕਤੀ ਨੇ ਫੈਸਲਾ ਕੀਤਾ ਕਿ ਜਿਹੜਾ ਵਿਅਕਤੀ ਸਹੀ ਮਾਇਨੇ ਵਿਚ ਆਪਣੇ ਫਰਜ਼ ਦੀ ਪਾਲਣਾ ਕਰਦਾ ਹੈ, ਉਹ ਦੂਜਿਆਂ ਦੀ ਨਾਰਾਜ਼ਗੀ ਦੀ ਪ੍ਰਵਾਹ ਕਿਉਂ ਕਰੇ? ਜੋ ਆਸ ਲੈ ਕੇ ਆਇਆ ਹੈ, ਜੀਵਨ ਦੇ ਆਖਰੀ ਪਲ ਵਿਚ ਸ਼ਾਂਤੀ ਪਾਉਣਾ ਚਾਹੁੰਦਾ ਹੈ, ਉਸ ਨੂੰ ਨਿਰਾਸ਼ ਕਿਵੇਂ ਕੀਤਾ ਜਾ ਸਕਦਾ ਹੈ।
ਇਸ ਫੈਸਲੇ ਤੋਂ ਬਾਅਦ ਭਲੇ ਵਿਅਕਤੀ ਨੇ ਆਪਣੇ ਨਾਲ ਵਾਲੀ ਕੋਠੜੀ ਖਾਲੀ ਕਰਵਾਈ ਅਤੇ ਉਸ ਰੋਗੀ ਨੂੰ ਉਸ ਵਿਚ ਰੱਖਿਆ। ਇੰਨਾ ਹੀ ਨਹੀਂ, ਮਨੁੱਖਤਾ ਦੇ ਉਸ ਪੁਜਾਰੀ ਨੇ ਆਪਣੇ ਹੱਥਾਂ ਨਾਲ ਰੋਗੀ ਦੇ ਜ਼ਖਮ ਧੋਤੇ ਅਤੇ ਦਵਾਈ ਲਾਈ। ਰੋਗੀ ਬਰਾਬਰ ਉੱਥੇ ਰਿਹਾ ਅਤੇ ਪਰਮ ਸ਼ਾਂਤੀ ਨਾਲ ਉਸ ਦੀ ਜੀਵਨ-ਲੀਲਾ ਖਤਮ ਹੋਈ। ਉਹ ਭਲੇ ਵਿਅਕਤੀ ਸਨ ਬਾਪੂ, ਜਿਨ੍ਹਾਂ ਲਈ ਮਨੁੱਖ ਸਰਵਉੱਚ ਸੀ ਅਤੇ ਸੇਵਾ ਜਿਨ੍ਹਾਂ ਲਈ ਜੀਵਨ ਦਾ ਟੀਚਾ ਸੀ। ਰੋਗੀ ਸਨ ਸੰਸਕ੍ਰਿਤ ਦੇ ਵਿਦਵਾਨ ਪਰਚੁਰੇ ਸ਼ਾਸਤਰੀ।