ਜਦੋਂ ਲੋਹਾਰ ਨੂੰ ਕਨੀਜ਼ ਨਾਲ ਹੋਇਆ ਇਸ਼ਕ

05/25/2018 9:02:47 AM

ਜਲੰਧਰ— ਮਹਾਨ ਸੂਫੀ ਸੰਤ ਅਬੂ ਹਫਸ ਹਦਾਦ ਪਹਿਲਾਂ ਲੋਹਾਰ ਸਨ। ਹਦਾਦ ਦਾ ਮਤਲਬ ਹੀ ਲੋਹਾਰ ਹੈ। ਇਕ ਵਾਰ ਹਦਾਦ ਨੂੰ ਕਨੀਜ਼ ਨਾਲ ਇਸ਼ਕ ਹੋ ਗਿਆ। ਉਨ੍ਹਾਂ ਦਾ ਲੋਹਾ ਕੁੱਟਣ ਜਾਂ ਕੁਹਾੜੀ ਬਣਾਉਣ ਵਿਚ ਮਨ ਹੀ ਨਾ ਲੱਗਦਾ। ਜਿਵੇਂ ਹੀ ਹਥੌੜਾ ਹੱਥ ਵਿਚ ਲੈਂਦੇ, ਕਨੀਜ਼ ਦਾ ਚਿਹਰਾ ਅੱਖਾਂ ਸਾਹਮਣੇ ਆ ਜਾਂਦਾ ਅਤੇ ਹੱਥ ਕਮਜ਼ੋਰ ਪੈ ਜਾਂਦੇ। ਕਨੀਜ਼ ਨੂੰ ਉਨ੍ਹਾਂ ਨੇ ਆਪਣੇ ਦਿਲ ਦੀ ਗੱਲ ਦੱਸਣ ਦੀਆਂ ਕਈ ਜੁਗਤਾਂ ਲਾਈਆਂ ਪਰ ਕੋਈ ਵੀ ਕੰਮ ਨਾ ਆਈ।
ਥੱਕ-ਹਾਰ ਕੇ ਇਕ ਦਿਨ ਉਹ ਆਪਣੇ ਨੇੜੇ ਦੇ ਮਸ਼ਹੂਰ ਜਾਦੂਗਰ ਕੋਲ ਗਏ ਅਤੇ ਉਸ ਨੂੰ ਪ੍ਰਾਰਥਨਾ ਕੀਤੀ ਕਿ ਉਹ ਕੋਈ ਜਾਦੂ ਕਰੇ। ਹਦਾਦ ਦੇ ਦਿਲ ਦਾ ਹਾਲ ਜਾਣ ਕੇ ਜਾਦੂਗਰ ਉਨ੍ਹਾਂ ਦੀ ਸਮੱਸਿਆ ਦੂਰ ਕਰਨ ਲਈ ਤਿਆਰ ਹੋ ਗਿਆ। ਜਾਦੂਗਰ ਬੋਲਿਆ,''ਤੈਨੂੰ 40 ਦਿਨ ਪ੍ਰਾਰਥਨਾ ਤੇ ਨੇਕ ਕੰਮਾਂ ਤੋਂ ਦੂਰੀ ਰੱਖਣੀ ਪਵੇਗੀ, ਤਾਂ ਹੀ ਜਾਦੂ ਦਾ ਅਸਰ ਹੋਵੇਗਾ।''
ਜਾਦੂਗਰ ਦੀ ਗੱਲ ਮੰਨ ਕੇ ਹਦਾਦ ਘਰ ਮੁੜ ਆਇਆ,  ਪ੍ਰਾਰਥਨਾਵਾਂ ਤੇ ਜਿਹੜੇ ਵੀ ਛੋਟੇ-ਮੋਟੇ ਨੇਕ ਕੰਮ ਉਹ ਕਰਿਆ ਕਰਦੇ ਸਨ, ਸਭ ਛੱਡ ਕੇ ਜਾਦੂ ਦੀ ਉਡੀਕ ਵਿਚ ਬੈਠ ਗਏ।
40 ਦਿਨ ਬਾਅਦ ਜਦੋਂ ਕਨੀਜ਼ ਉਨ੍ਹਾਂ ਨੂੰ ਨਾ ਮਿਲੀ ਤਾਂ ਉਹ ਮੁੜ ਜਾਦੂਗਰ ਕੋਲ ਗਏ ਅਤੇ ਬੋਲੇ,''ਹੁਣ ਵੀ ਉਹ ਮੈਨੂੰ ਨਹੀਂ ਮਿਲੀ।''
ਜਾਦੂਗਰ ਨੇ ਪੁੱਛਿਆ,''ਇਨ੍ਹਾਂ ਦਿਨਾਂ ਦੌਰਾਨ ਤੂੰ ਕੋਈ ਨੇਕ ਕੰਮ ਤਾਂ ਨਹੀਂ ਕੀਤਾ?''
ਉਹ ਬੋਲੇ,''ਨਹੀਂ।''
ਜਾਦੂਗਰ ਨੇ ਕਿਹਾ,''ਯਾਦ ਕਰ, ਤੂੰ ਕੀਤਾ ਹੈ।''
ਇਸ 'ਤੇ ਹਦਾਦ ਨੇ ਦੱਸਿਆ ਕਿ ਤੁਰਨ ਵੇਲੇ ਉਹ ਰਸਤੇ ਵਿਚ ਪਏ ਕੰਕਰਾਂ-ਪੱਥਰਾਂ ਨੂੰ ਚੁਗ ਕੇ ਕਿਨਾਰੇ ਕਰਦੇ ਰਹੇ ਕਿ ਕਿਸੇ ਨੂੰ ਸੱਟ ਨਾ ਲੱਗ ਜਾਵੇ। 
ਜਾਦੂਗਰ ਮੁਸਕਰਾਇਆ ਅਤੇ ਬੋਲਿਆ,''ਜਿਸ ਦੀਆਂ ਪ੍ਰਾਰਥਨਾਵਾਂ ਨੂੰ ਤੂੰ ਛੱਡਿਆ ਹੋਇਆ ਹੈ, ਉਹ ਤੇਰੀ ਇਸ ਮਾਮੂਲੀ ਜਿਹੀ ਨੇਕੀ ਨੂੰ ਵੀ ਪਸੰਦ ਕਰ ਕੇ ਤੇਰੇ ਨਾਲ ਖੜ੍ਹਾ ਹੈ। ਉਸ ਨੂੰ ਛੱਡ ਕੇ ਤੂੰ ਕਨੀਜ਼ ਨਾਲ ਦਿਲ ਲਾਇਆ ਹੋਇਆ ਹੈ?''
ਇਹ ਗੱਲ ਹਦਾਦ ਦੇ ਦਿਲ ਨੂੰ ਛੂਹ ਗਈ ਅਤੇ ਉਹ ਉੱਥੋਂ ਹੀ ਰੱਬ ਵੱਲ ਵਾਪਸ ਆ ਗਿਆ। ਉਹ ਆਪਣੀ ਸੇਵਾ, ਪਿਆਰ, ਤਿਆਗ ਤੇ ਸਮਰਪਣ ਨਾਲ ਉਸ ਦੌਰ ਦੇ ਵੱਡੇ ਸੂਫੀ ਸੰਤ ਅਬੂ ਹਫਸ ਹਦਾਦ ਬਣੇ।