ਮੰਗਾਂ ਨਾ ਲਾਗੂ ਹੋਣ ''ਤੇ ਡਾਕ ਸੇਵਕਾਂ ਕੀਤੀ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ

05/27/2018 7:51:49 AM

ਭਵਾਨੀਗੜ੍ਹ (ਵਿਕਾਸ)—ਗ੍ਰਾਮੀਣ ਡਾਕ ਸੇਵਕਾਂ ਦੀ ਹੜਤਾਲ ਸ਼ਨੀਵਾਰ ਨੂੰ ਅੱਜ 13ਵੇਂ ਦਿਨ 'ਚ ਸ਼ਾਮਲ ਹੋ ਗਈ।ਅਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਮੁੱਖ ਡਾਕ ਘਰ ਵਿਖੇ ਧਰਨਾ ਦੇ ਕੇ ਕੇਂਦਰ ਦੇ ਸੰਚਾਰ ਮੰਤਰੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਗ੍ਰਾਮੀਣ ਡਾਕ ਸੇਵਕਾਂ ਨੇ ਧਰਨਾ ਦਿੱਤਾ।ਇਸ ਮੌਕੇ ਗ੍ਰਾਮੀਣ ਡਾਕ ਸੇਵਕ ਯੂਨੀਅਨ ਸਬ ਪੋਸਟ ਆਫਿਸ ਭਵਾਨੀਗੜ੍ਹ ਦੇ ਪ੍ਰਧਾਨ ਰੂਪ ਸਿੰਘ ਚੰਨੋਂ ਨੇ ਕਿਹਾ ਕਿ ਸਮੂਹ ਗ੍ਰਾਮ ਸੇਵਕ ਕੇਂਦਰ ਸਰਕਾਰ ਵੱਲੋਂ 7ਵੇਂ ਪੇ ਕਮਿਸ਼ਨ ਦੀ ਕਮਲੇਸ਼ ਚੰਦਰ ਕਮੇਟੀ ਰਿਪੋਰਟ ਲਾਗੂ ਨਾ ਕਰਨ 'ਤੇ 14 ਮਈ ਤੋਂ ਲਗਾਤਾਰ ਹੜਤਾਲ 'ਤੇ ਚੱਲ ਰਹੇ ਹਨ ਫਿਰ ਵੀ ਮੋਦੀ ਸਰਕਾਰ ਉਨ੍ਹਾਂ ਦੀ ਮੰਗ ਮੰਨਣ ਲਈ ਗੰਭੀਰਤਾ ਨਹੀਂ ਦਿਖਾ ਰਹੀ, ਜਿਸ ਕਾਰਨ ਡਾਕ ਕਾਮਿਆਂ ਦਾ ਗੁੱਸਾ ਸਰਕਾਰ ਪ੍ਰਤੀ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ।ਯੂਨੀਅਨ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ 7ਵੇਂ ਪੇ ਕਮੀਸ਼ਨ ਲਾਗੂ ਕਰਨ ਸਮੇਤ ਮੰਗਾਂ ਨਹੀਂ ਮੰਨਦੀ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।
ਕੌਣ ਕੌਣ ਸਨ ਹਾਜ਼ਰ
ਯੂਨੀਅਨ ਦੇ ਸਕੱਤਰ ਦਿਲਸ਼ਾਦ ਮੁਹੰਮਦ,ਜਰਨਲ ਸਕੱਤਰ ਮਲਕੀਅਤ ਸਿੰਘ ਗਹਿਲਾਂ,ਹਰਮੇਸ਼ ਕੁਮਾਰ ਬਾਲਦ ਕਲਾਂ੍ਹ ਸੂਬਾ ਖਜਾਨਚੀ ਸਮੇਤ ਪਾਲਾ ਰਾਮ,ਦਰਸ਼ਨ ਸਿੰਘ,ਰਾਜਾ ਰਾਮ, ਵਰਿੰਦਰ ਸਿੰਘ ਚੰਨੋਂ,ਸੁਸ਼ੀਲਾ ਦੇਵੀ,ਕਾਕਾ ਰਾਮ,ਪ੍ਰਿਅੰਕਾ ਸ਼ਰਮਾਂ,ਦਲਵੀਰ ਸਿੰਘ ਘਰਾਚੋਂ,ਹਰਦੀਪ ਸਿੰਘ ਭੜੋ,ਭੁਪਿੰਦਰ ਸਿੰਘ ਆਦਿ ।
ਡਾਕਖਾਨੇ 'ਚ ਵੰਡਣ ਵਾਲੀ ਡਾਕ ਦਾ ਲੱਗਿਆ ਅੰਬਾਰ
ਗ੍ਰਾਮੀਣ ਡਾਕ ਸੇਵਕਾਂ ਦੀ ਹੜਤਾਲ ਦਾ ਵੱਡਾ ਅਸਰ ਮੁੱਖ ਡਾਕ ਘਰ ਭਵਾਨੀਗੜ੍ਹ ਅਧੀਨ ਆਉਂਦੀਆਂ 16 ਪੇਂਡੂ ਬਰਾਂਚਾਂ ਨਾਲ ਅਟੈਚ ਇਲਾਕੇ ਦੇ 68 ਪਿੰਡਾਂ 'ਚ ਵੇਖਣ ਨੂੰ ਮਿਲ ਰਿਹਾ ਹੈ।ਪਿਛਲੇ 12 ਦਿਨਾਂ ਤੋਂ ਅਪਣੀਆਂ ਮੰਗਾਂ ਨੁੰ ਲੈ ਕੇ ਕੰਮਕਾਜ ਠੱਪ ਕਰਕੇ ਹੜਤਾਲ 'ਤੇ ਬੈਠੇ ਗ੍ਰਾਮੀਣ ਡਾਕ ਸੇਵਕਾਂ ਵੱਲੋਂ ਪੇਂਡੂ ਖੇਤਰਾਂ 'ਚ ਡਾਕ ਨਾ ਵੰਡੇ ਜਾਣ ਕਾਰਨ ਭਵਾਨੀਗੜ੍ਹ ਡਾਕ ਘਰ 'ਚ ਪੈਂਡਿੰਗ ਡਾਕ ਦਾ ਢੇਰ ਲੱਗ ਚੁੱਕਾ ਹੈ, ਜਿਸ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।ਪਿੰਡਾਂ ਦੇ ਆਮ ਲੋਕਾਂ ਅਤੇ ਸਰਕਾਰੀ ਦਫਤਰਾਂ ਦੀ ਡਾਕ ਨੂੰ ਬ੍ਰੇਕਾਂ ਲੱਗੀਆਂ ਪਈਆਂ ਹਨ।