IPL 2018 : ਜੇਕਰ ਦਿੱਲੀ ਕੱਲ ਹਾਰੀ ਤਾਂ ਆਈ.ਪੀ.ਐੱਲ. ਤੋਂ ਹੋ ਜਾਵੇਗੀ ਬਾਹਰ

05/09/2018 3:34:50 PM

ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. 2018 'ਚ ਚੋਟੀ ਦੇ ਸਥਾਨ 'ਤੇ ਚਲ ਰਹੇ ਸਨਰਾਈਜ਼ਰਜ਼ ਹੈਦਰਾਬਾਦ ਅਤੇ ਸਭ ਤੋਂ ਘਟੀਆ ਪ੍ਰਦਰਸ਼ਨ ਕਰ ਰਹੀ ਦਿੱਲੀ ਡੇਅਰਡੇਵਿਲਜ਼ ਦੀਆਂ ਟੀਮਾਂ ਵਿਚਾਲੇ ਵੀਰਵਾਰ ਨੂੰ ਇੱਥੇ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਚ ਹੋਣ ਵਾਲੇ ਮੁਕਾਬਲੇ 'ਚ ਦਿੱਲੀ ਦੀ ਹੋਂਦ ਦਾਅ 'ਤੇ ਲੱਗੀ ਹੋਵੇਗੀ ਅਤੇ ਹਾਰਨ ਦੀ ਸੂਰਤ 'ਚ ਦਿੱਲੀ ਪਲੇਅਆਫ ਦੀ ਦੌੜ ਤੋਂ ਬਾਹਰ ਹੋ ਜਾਵੇਗੀ।

ਦਿੱਲੀ ਦਾ ਆਈ.ਪੀ.ਐੱਲ. 2018 'ਚ ਅਜੇ ਤੱਕ ਬੇਹੱਦ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ ਹੈ ਅਤੇ ਟੀਮ 10 ਮੈਚਾਂ 'ਚ ਸਿਰਫ ਤਿੰਨ ਹੀ ਜਿੱਤ ਸਕੀ ਹੈ। ਦਿੱਲੀ ਦੇ ਖਾਤੇ 'ਚ 6 ਅੰਕ ਹਨ ਅਤੇ ਉਹ ਅੱਠਵੇਂ ਅਤੇ ਅੰਤਿਮ ਸਥਾਨ 'ਤੇ ਹੈ। ਦਿੱਲੀ ਨੂੰ ਪਲੇਆਫ ਦੀਆਂ ਆਪਣੀਆਂ ਉਮੀਦਾਂ ਨੂੰ ਬਣਾਏ ਰੱਖਣ ਲਈ ਇਹ ਮੈਚ ਹਰ ਹਾਲ 'ਚ ਜਿੱਤਣਾ ਹੈ। ਦਿੱਲੀ ਨੂੰ ਇਹ ਮੈਚ ਜਿੱਤਣ ਦੇ ਨਾਲ-ਨਾਲ ਬਾਕੀ ਬਚੇ ਤਿੰਨ ਮੈਚ ਵੀ ਜਿੱਤਣੇ ਹੋਣਗੇ ਅਤੇ ਦੂਜੀਆਂ ਟੀਮਾਂ ਦੇ ਨਤੀਜਿਆਂ 'ਤੇ ਵੀ ਨਜ਼ਰ ਰੱਖਣੀ ਹੋਵੇਗੀ। ਦਿੱਲੀ ਨੇ ਟੂਰਨਾਮੈਂਟ 'ਚ ਆਪਣੀ ਕਿਸਮਤ ਬਦਲਣ ਲਈ ਬਹੁਤ ਕੁਝ ਕੀਤਾ ਪਰ ਉਸ ਦੇ ਖਿਡਾਰੀਆਂ ਨੇ ਕਈ ਮੌਕੇ ਗੁਆਏ ਜਿਸ ਨਾਲ ਟੀਮ ਇਸ ਹਾਲਤ 'ਚ ਪਹੁੰਚ ਗਈ ਹੈ।