ਪੀ.ਟੀ.ਆਈ. ਦੇ 5 ਬਾਗੀ ਨੇਤਾਵਾਂ ਨੇ ਇਮਰਾਨ ਖਾਨ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ

05/22/2018 11:30:32 AM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਮੁਖੀ ਇਮਰਾਨ ਖਾਨ ਨੂੰ ਪਾਰਟੀ ਦੇ 5 ਬਾਗੀ ਨੇਤਾਵਾਂ ਵੱਲੋਂ ਮਾਣਹਾਨੀ ਦਾ ਨੋਟਿਸ ਭੇਜਿਆ ਗਿਆ ਹੈ। ਨੋਟਿਸ ਵਿਚ ਇਮਰਾਨ ਖਾਨ ਦੇ ਉੱਪਰ ਮਾਰਚ ਵਿਚ ਹੋਈਆਂ ਸੈਨੇਟ ਚੋਣਾਂ ਦੌਰਾਨ ਆਪਣੇ ਵੋਟ ਵੇਚਣ ਦਾ ਦੋਸ਼ ਲਗਾਇਆ ਗਿਆ ਹੈ। ਅਪ੍ਰੈਲ ਵਿਚ ਇਮਰਾਨ ਖਾਨ ਨੇ ਖੈਬਰ ਪਖਤੂਨਖਵਾ ਵਿਚ 20 ਐੱਮ. ਪੀ. ਏ. ਦੇ ਨਾਵਾਂ ਦਾ ਖੁਲਾਸਾ ਕੀਤਾ ਸੀ, ਜੋ ਸੈਨੇਟ ਦੀਆਂ ਚੋਣਾਂ ਦੌਰਾਨ ਨੇਤਾਵਾਂ ਦੀ ਖਰੀਦ-ਫਰੋਖਤ ਵਿਚ ਸ਼ਾਮਲ ਸਨ। 
ਦੱਸਿਆ ਜਾਂਦਾ ਹੈ ਕਿ ਪੀ. ਟੀ. ਆਈ. ਮੁਖੀ ਵੱਲੋਂ ਖੁਲਾਸਾ ਕੀਤੇ ਗਏ 20 ਨਾਵਾਂ ਵਿਚੋਂ ਕਬਰਨ ਅਲੀ ਖਾਨ, ਯਾਸੀਨ ਖਲੀਲ, ਅਬਦੁੱਲ ਹੱਕ ਖਾਨ, ਜਹਿਦ ਦੁਰਾਨੀ ਅਤੇ ਉਬਾਇਦੁੱਲਾ ਮਾਯਾਰ ਨੇ ਉਨ੍ਹਾਂ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਹੁਣ ਉਹ ਦੋ ਹਫਤਿਆਂ ਦੇ ਅੰਦਰ ਇਮਰਾਨ ਖਾਨ ਤੋਂ ਮੁਆਫੀਨਾਮੇ ਦੀ ਮੰਗ ਕਰ ਰਹੇ ਹਨ। ਇਸ ਦੇ ਇਲਾਵਾ ਉਨ੍ਹਾਂ ਨੇ ਇਮਰਾਨ ਨੂੰ 1 ਅਰਬ ਰੁਪਏ ਦੇ ਜੁਰਮਾਨੇ ਦਾ ਭੁਗਤਾਨ ਕਰਨ ਜਾਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਦੀ ਚੁਣੌਤੀ ਦਿੱਤੀ ਹੈ। ਦੱਸਣਯੋਗ ਹੈ ਕਿ ਇਮਰਾਨ ਨੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੀਆਂ ਸੈਨੇਟ ਸੀਟਾਂ ਗਵਾਉਣ ਮਗਰੋਂ ਇਕ ਪ੍ਰੈੱਸ ਕਾਨਫੰਰਸ ਆਯੋਜਿਤ ਕੀਤੀ ਸੀ, ਜਿਸ ਵਿਚ ਇਨ੍ਹਾਂ ਨੇਤਾਵਾਂ ਦਾ ਨਾਵਾਂ ਦਾ ਖੁਲਾਸਾ ਕੀਤਾ ਸੀ।