ਨਿਊ ਚੰਡੀਗੜ੍ਹ ''ਚ ਕ੍ਰਿਕਟ ਸਟੇਡੀਅਮ ਦੀ ਉਸਾਰੀ 40 ਫੀਸਦੀ ਮੁਕੰਮਲ

05/01/2018 12:40:33 PM

ਮੋਹਾਲੀ (ਕੁਲਦੀਪ) : ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ. ਏ.) ਵੱਲੋਂ ਪੰਜਾਬ ਦੇ ਜ਼ਿਲਾ ਮੋਹਾਲੀ ਦੇ ਨਿਊ ਚੰਡੀਗੜ੍ਹ ਖੇਤਰ ਵਿਚ ਪਿੰਡ ਤੀੜਾ-ਮੁੱਲਾਂਪੁਰ ਗਰੀਬਦਾਸ ਵਿਚ ਕਰੀਬ 40 ਏਕੜ ਜ਼ਮੀਨ 'ਤੇ ਕਰੀਬ 328 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦਾ ਉਸਾਰੀ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ । ਸਟੇਡੀਅਮ ਦੀ ਉਸਾਰੀ ਕਰਵਾ ਰਹੇ ਅਧਿਕਾਰੀਆਂ ਦੀ ਜੇਕਰ ਮੰਨੀਏ ਤਾਂ ਅਗਲੇ ਸਾਲ 2019 ਵਿਚ ਇਥੇ ਕ੍ਰਿਕਟ ਮੈਚ ਕਰਵਾਇਆ ਜਾਣਾ ਸੰਭਵ ਹੈ ।
ਕ੍ਰਿਕਟ ਗਰਾਊਂਡ ਬਣ ਕੇ ਤਿਆਰ
ਸਟੇਡੀਅਮ ਵਿਚ ਖਿਡਾਰੀਆਂ ਦੇ ਖੇਡਣ ਲਈ ਕ੍ਰਿਕਟ ਗਰਾਊਂਡ ਬਣ ਕੇ ਤਿਆਰ ਹੋ ਚੁੱਕੀ ਹੈ । ਗਰਾਊਂਡ ਵਿਚ ਚੇਨਈ ਤੋਂ ਸਪੈਸ਼ਲ ਘਾਹ ਲਿਆ ਕੇ ਇਥੇ ਲਾਇਆ ਗਿਆ ਹੈ । ਗਰਾਊਂਡ ਦੀ ਥੋੜ੍ਹੀ-ਬਹੁਤ ਬਾਊਂਡਰੀ ਦਾ ਕੰਮ ਪੈਂਡਿੰਗ ਹੈ, ਜਿਸ ਨੂੰ ਬੜੀ ਤੇਜ਼ੀ ਨਾਲ ਮੁਕੰਮਲ ਕੀਤਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਪੀ. ਸੀ. ਏ. ਤੋਂ ਇਸ ਨਵੇਂ ਸਟੇਡੀਅਮ ਵਿਚ ਸਾਲ 2019 ਵਿਚ ਪਹਿਲਾ ਕ੍ਰਿਕਟ ਮੈਚ ਕਰਵਾਉਣ ਦੀਆਂ ਤਿਆਰੀਆਂ ਵੀ ਅੰਦਰੂਨੀ ਤੌਰ 'ਤੇ ਚੱਲ ਰਹੀਆਂ ਹਨ ਪਰ ਫਿਲਹਾਲ ਇਸ ਦੀ ਕਿਸੇ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ।
ਦੋ ਹਜ਼ਾਰ ਤੋਂ ਜ਼ਿਆਦਾ ਕਾਰਾਂ ਦੀ ਪਾਰਕਿੰਗ ਦੀ ਵਿਵਸਥਾ
ਸਟੇਡੀਅਮ ਵਿਚ ਮੈਚ ਦੌਰਾਨ ਆਉਣ ਵਾਲੇ ਦਰਸ਼ਕਾਂ, ਮਹਿਮਾਨਾਂ ਆਦਿ ਦੇ ਵਾਹਨ ਖੜ੍ਹੇ ਕਰਨ ਲਈ 2 ਹਜ਼ਾਰ ਤੋਂ ਜ਼ਿਆਦਾ ਕਾਰਾਂ ਦੀ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ, ਤਾਂ ਕਿ ਮੈਚ ਦੌਰਾਨ ਪਾਰਕਿੰਗ ਦੀ ਸਮੱਸਿਆ ਨਾ ਹੋ ਸਕੇ।
ਮੋਹਾਲੀ ਦੇ ਲੋਕਾਂ ਨੂੰ ਭੀੜ ਤੋਂ ਮਿਲੇਗੀ ਰਾਹਤ
ਅਗਲੇ ਸਾਲ 2019 ਵਿਚ ਜੇਕਰ ਇਸ ਨਵੇਂ ਬਣ ਰਹੇ ਕ੍ਰਿਕਟ ਸਟੇਡੀਅਮ ਦਾ ਕੰਮ ਮੁਕੰਮਲ ਹੋ ਜਾਂਦਾ ਹੈ ਤਾਂ ਮੋਹਾਲੀ ਸ਼ਹਿਰ ਦੇ ਫੇਜ਼-9 ਸਥਿਤ ਕ੍ਰਿਕਟ ਸਟੇਡੀਅਮ ਵਿਚ ਮੈਚਾਂ ਦੌਰਾਨ ਹੋਣ ਵਾਲੀ ਭਾਰੀ ਭੀੜ ਤੋਂ ਰਾਹਤ ਮਿਲ ਜਾਵੇਗੀ ।
ਚਾਰੇ ਪਵੇਲੀਅਨਾਂ ਦੀ ਆਰ. ਸੀ. ਸੀ. ਦਾ ਕੰਮ ਮੁਕੰਮਲ
ਇਕ ਅਧਿਕਾਰੀ ਨੇ ਦੱਸਿਆ ਕਿ ਸਟੇਡੀਅਮ ਵਿਚ ਨਾਰਥ ਪਵੇਲੀਅਨ, ਸਾਊਥ ਪਵੇਲੀਅਨ, ਪਲੇਅਰ ਪਵੇਲੀਅਨ ਅਤੇ ਕਾਰਪੋਰੇਟ ਪਵੇਲੀਅਨ ਸਾਰਿਆਂ ਦਾ ਆਰ. ਸੀ. ਸੀ. ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ ।
ਦਰਸ਼ਕਾਂ ਦੀ ਭੀੜ ਨੂੰ ਕੱਢਣ ਲਈ ਬਣਾਏ ਅੱਠ ਰੈਂਪ
ਸਟੇਡੀਅਮ ਵਿਚ ਕ੍ਰਿਕਟ ਮੈਚ ਖਤਮ ਹੋਣ ਉਪਰੰਤ ਦਰਸ਼ਕਾਂ ਦੀ ਭਾਰੀ ਭੀੜ ਨੂੰ ਬਾਹਰ ਕੱਢਣ ਲਈ ਅੱਠ ਰੈਂਪ ਬਣਾਏ ਗਏ ਹਨ । ਅਧਿਕਾਰੀਆਂ ਦਾ ਕਹਿਣਾ ਹੈ ਕਿ ਖਚਾਖਚ ਭਰੇ ਪੂਰੇ ਸਟੇਡੀਅਮ ਵਿਚੋਂ ਭੀੜ ਨੂੰ 5 ਮਿੰਟ ਵਿਚ ਬਾਹਰ ਕੱਢਿਆ ਜਾ ਸਕੇਗਾ ।