ਆਰਥਿਕ ਤੰਗੀ ਕਾਰਨ ਵਿਆਹੁਤਾ ਜੋੜੇ ਨੇ ਲਿਆ ਫਾਹ

06/02/2018 6:26:46 AM

ਲਹਿਰਾਗਾਗਾ (ਗਰਗ, ਜਿੰਦਲ) - ਪਿੰਡ ਖੋਖਰ ਖੁਰਦ ਵਿਚ ਆਰਥਿਕ ਤੰਗੀ ਕਾਰਨ ਵਿਆਹੁਤਾ ਜੋੜੇ ਵਲੋਂ ਫਾਹ ਲਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦੌਰਾਨ ਥਾਣਾ ਸਦਰ ਦੇ ਮੁਖੀ ਜਸਵੀਰ ਸਿੰਘ ਤੂਰ ਨੇ ਦੱਸਿਆ ਕਿ ਰਾਜ ਮਿਸਤਰੀ ਮੱਖਣ ਸਿੰਘ ਪੁੱਤਰ ਲਾਭ ਸਿੰਘ ਦਾ ਲੱਗਭਗ 2 ਸਾਲ ਪਹਿਲਾਂ ਜ਼ਿਲਾ ਮਾਨਸਾ ਦੇ ਪਿੰਡ ਹੋਡਲਾ ਕਲਾਂ ਦੀ ਵੀਰਪਾਲ ਕੌਰ ਨਾਲ ਵਿਆਹ ਹੋਇਆ ਸੀ। ਇਨ੍ਹਾਂ ਦੇ ਘਰ 4 ਮਹੀਨੇ ਪਹਿਲਾਂ ਇਕ ਲੜਕੇ ਨੇ ਜਨਮ ਲਿਆ। ਬੀਤੀ ਰਾਤ ਉਕਤ ਜੋੜੇ ਨੇ ਆਰਥਿਕ ਤੰਗੀ ਕਾਰਨ ਫਾਹ ਲੈ ਲਿਆ।ਪਿੰਡ ਦੇ ਸਰਪੰਚ ਦੀਦਾਰ ਸਿੰਘ ਨੇ ਦੱਸਿਆ ਕਿ ਘਟਨਾ ਦਾ ਪਤਾ ਲੱਗਦੇ ਹੀ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ 'ਤੇ ਏ. ਐੱਸ. ਆਈ. ਬਿੱਲੂ ਸਿੰਘ ਦੀ ਅਗਵਾਈ ਵਿਚ ਪੁਲਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਲੜਕੀ ਦੇ ਪਿਤਾ ਦਰਸ਼ਨ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕੀਤੀ।