ਵਿਰੋਧੀ ਧਿਰ ਦੀ ਏਕਤਾ ਨਾਲ ਕੁਮਾਰਸਵਾਮੀ ਨੇ ਸਿੱਧ ਕੀਤਾ ਬਹੁਮਤ

05/26/2018 6:52:55 AM

ਕਰਨਾਟਕ ਵਿਧਾਨ ਸਭਾ ਲਈ 12 ਮਈ ਨੂੰ ਵੋਟਾਂ ਪਈਆਂ ਤੇ 15 ਮਈ ਨੂੰ ਆਏ ਨਤੀਜਿਆਂ 'ਚ 104 ਸੀਟਾਂ ਜਿੱਤ ਕੇ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ, ਜਦਕਿ ਕਾਂਗਰਸ 78 ਅਤੇ ਜਨਤਾ ਦਲ (ਐੱਸ) 37 ਸੀਟਾਂ 'ਤੇ ਹੀ ਜਿੱਤ ਸਕੀਆਂ। ਕਾਂਗਰਸ ਅਤੇ ਜਨਤਾ ਦਲ (ਐੱਸ) ਨੇ ਚੋਣਾਂ ਤੋਂ ਬਾਅਦ ਗੱਠਜੋੜ ਤੇ ਜਨਤਾ ਦਲ (ਐੱਸ) ਦੇ ਨੇਤਾ ਕੁਮਾਰਸਵਾਮੀ ਨੂੰ ਭਵਿੱਖੀ ਮੁੱਖ ਮੰਤਰੀ ਵਜੋਂ ਪ੍ਰਵਾਨ ਕਰ ਕੇ 16 ਮਈ ਨੂੰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ ਪਰ ਰਾਜਪਾਲ ਵਜੂਭਾਈਵਾਲਾ ਨੇ ਭਾਜਪਾ ਦੇ ਯੇਦੀਯੁਰੱਪਾ ਨੂੰ ਹੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ। 
ਇਸ ਦੇ ਮੁਤਾਬਿਕ ਯੇਦੀਯੁਰੱਪਾ ਵਲੋਂ 18 ਮਈ ਨੂੰ ਸਹੁੰ ਚੁੱਕਣਾ ਅਤੇ 15 ਦਿਨਾਂ ਅੰਦਰ ਬਹੁਮਤ ਸਿੱਧ ਕਰਨਾ ਤੈਅ ਹੋਇਆ, ਜਿਸ ਨੂੰ ਉਸੇ ਸਮੇਂ ਕਾਂਗਰਸ ਅਤੇ ਜਨਤਾ ਦਲ (ਐੱਸ) ਨੇ ਸੁਪਰੀਮ ਕੋਰਟ 'ਚ ਚੁਣੌਤੀ ਦੇ ਦਿੱਤੀ। ਇਸ 'ਤੇ 18 ਮਈ ਨੂੰ ਹੰਗਾਮੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਰਾਜਪਾਲ ਦਾ 15 ਦਿਨਾਂ ਅੰਦਰ ਬਹੁਮਤ ਸਿੱਧ ਕਰਨ ਦਾ ਹੁਕਮ ਪਲਟ ਕੇ ਯੇਦੀਯੁਰੱਪਾ ਨੂੰ 19 ਮਈ ਨੂੰ ਹੀ ਬਹੁਮਤ ਸਿੱਧ ਕਰਨ ਦਾ ਹੁਕਮ ਦਿੱਤਾ ਪਰ ਸ਼ਕਤੀ ਪ੍ਰੀਖਣ ਤੋਂ ਪਹਿਲਾਂ ਹੀ ਯੇਦੀਯੁਰੱਪਾ ਨੇ ਅਸਤੀਫਾ ਦੇ ਦਿੱਤਾ ਤੇ ਉਹ ਸਿਰਫ ਢਾਈ ਦਿਨਾਂ ਦੇ ਹੀ ਮੁੱਖ ਮੰਤਰੀ ਸਿੱਧ ਹੋਏ।
ਇਸ ਤੋਂ ਬਾਅਦ ਰਾਜਪਾਲ ਨੇ ਕਾਂਗਰਸ-ਜਨਤਾ ਦਲ (ਐੱਸ) ਗੱਠਜੋੜ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਅਤੇ ਮੁੱਖ ਮੰਤਰੀ ਤੇ ਉਪ-ਮੁੱਖ ਮੰਤਰੀ ਦੇ ਸਹੁੰ ਚੁੱਕਣ ਲਈ 23 ਮਈ ਅਤੇ ਬਹੁਮਤ ਸਿੱਧ ਕਰਨ ਲਈ 25 ਮਈ ਦਾ ਦਿਨ ਤੈਅ ਹੋਇਆ। ਕੁਮਾਰਸਵਾਮੀ ਨੇ ਸਹੁੰ ਚੁੱਕਣ ਤੋਂ ਪਹਿਲਾਂ ਨਿੱਜੀ ਤੌਰ 'ਤੇ ਨਵੀਂ ਦਿੱਲੀ 'ਚ ਸੋਨੀਆ ਤੇ ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਮਿਲ ਕੇ ਉਨ੍ਹਾਂ ਨੂੰ ਸਹੁੰ-ਚੁੱਕ ਸਮਾਗਮ 'ਚ ਆਉਣ ਦਾ ਸੱਦਾ ਦਿੱਤਾ ਅਤੇ ਜਿਨ੍ਹਾਂ ਨੂੰ ਨਹੀਂ ਮਿਲ ਸਕੇ, ਉਨ੍ਹਾਂ ਨੂੰ ਫੋਨ ਕਰ ਕੇ ਸੱਦਾ ਦਿੱਤਾ।
23 ਮਈ ਨੂੰ ਸਵੇਰੇ ਕੁਮਾਰਸਵਾਮੀ ਨੇ ਚਾਮੁੰਡੀ ਹਿਲ ਵਿਚ ਸਥਿਤ ਮਾਂ ਚਾਮੁੰਡੀ ਦੇ ਦਰਸ਼ਨਾਂ ਤੋਂ ਬਾਅਦ 'ਵਿਧਾਨ ਸੌਧ' ਸਾਹਮਣੇ ਸ਼ਾਮ 4.30 ਵਜੇ ਹੋਏ ਸਮਾਗਮ ਵਿਚ ਦੇਸ਼ ਦੀਆਂ ਵਿਰੋਧੀ ਪਾਰਟੀਆਂ ਦੇ ਜ਼ਿਆਦਾਤਰ ਨੇਤਾਵਾਂ ਦੀ ਮੌਜੂਦਗੀ ਵਿਚ ਦੂਜੀ ਵਾਰ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ ਅਤੇ ਕਾਂਗਰਸ ਦੇ ਜੀ. ਪਰਮੇਸ਼ਵਰ ਨੇ ਉਪ-ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। 
ਇਸ ਸਹੁੰ ਚੁੱਕਣ ਦੇ ਵਿਰੋਧ ਵਿਚ ਭਾਜਪਾ ਵਲੋਂ ਪੂਰੇ ਸੂਬੇ ਵਿਚ 'ਕਾਲਾ ਦਿਵਸ' ਮਨਾਇਆ ਗਿਆ ਅਤੇ ਰੈਲੀਆਂ, ਵਿਰੋਧ ਮੁਜ਼ਾਹਰੇ ਅਤੇ ਵਿਰੋਧ ਮਾਰਚ ਕੀਤੇ ਗਏ। 
ਕਰਨਾਟਕ 'ਚ ਜਨਤਾ ਦਲ (ਐੱਸ)-ਕਾਂਗਰਸ ਦੇ ਬਹੁਮਤ ਪ੍ਰਦਰਸ਼ਨ ਤੋਂ ਪਹਿਲਾਂ ਭਾਜਪਾ ਨੇ ਵਿਧਾਨ ਸਭਾ ਦੇ ਨਵੇਂ ਸਪੀਕਰ ਦੀ ਚੋਣ ਦੀ ਦੌੜ ਵਿਚ ਸ਼ਾਮਿਲ ਹੋਣ ਦੀ ਗੱਲ ਕਹਿ ਕੇ ਕਾਂਗਰਸ-ਜਨਤਾ ਦਲ (ਐੱਸ) ਗੱਠਜੋੜ ਦਾ ਤਣਾਅ ਵਧਾਉਣ ਦੀ ਕੋਸ਼ਿਸ਼ ਕੀਤੀ ਪਰ ਅਚਾਨਕ 25 ਮਈ ਨੂੰ ਸਦਨ ਦੀ ਕਾਰਵਾਈ ਸ਼ੁਰੂ ਹੋਣ 'ਤੇ ਭਾਜਪਾ ਦੇ ਵਿਧਾਨ ਸਭਾ ਸਪੀਕਰ ਦੇ ਅਹੁਦੇ ਦੀ ਦੌੜ 'ਚੋਂ ਹਟ ਜਾਣ 'ਤੇ ਕਾਂਗਰਸ ਦੇ ਵਿਧਾਇਕ ਰਮੇਸ਼ ਕੁਮਾਰ ਨੂੰ ਵਿਧਾਨ ਸਭਾ ਦਾ ਸਪੀਕਰ ਚੁਣ ਲਿਆ ਗਿਆ, ਜੋ ਇਸ ਦਿਨ ਦੀ ਜਨਤਾ ਦਲ (ਐੱਸ)-ਕਾਂਗਰਸ ਸਰਕਾਰ ਦੀ ਪਹਿਲੀ ਸਫਲਤਾ ਸੀ। 
ਫਿਰ ਭਾਜਪਾ ਵਿਧਾਇਕਾਂ ਦੇ ਵਾਕਆਊਟ ਦਰਮਿਆਨ ਰਾਜ ਵਿਧਾਨ ਸਭਾ ਵਿਚ ਜ਼ੁਬਾਨੀ ਵੋਟ ਨਾਲ ਕੁਮਾਰਸਵਾਮੀ ਨੇ ਫਲੋਰ ਟੈਸਟ ਵੀ ਪਾਸ ਕਰ ਲਿਆ, ਜਿਸ ਨੂੰ ਇਕ ਦਿਨ ਅੰਦਰ ਜਨਤਾ ਦਲ (ਐੱਸ) -ਕਾਂਗਰਸ ਦੀ ਦੂਜੀ ਸਫਲਤਾ ਵਜੋਂ ਦੇਖਿਆ ਜਾ ਰਿਹਾ ਹੈ। 
ਕੁਮਾਰਸਵਾਮੀ ਨੇ ਕਿਹਾ ਕਿ 2006 'ਚ ਜਨਤਾ ਦਲ (ਐੱਸ) ਅਤੇ ਭਾਜਪਾ ਦਾ ਗੱਠਜੋੜ ਜਨਤਾ ਦਲ (ਐੱਸ) ਦੇ ਮੁਖੀ ਤੇ ਉਨ੍ਹਾਂ ਦੇ ਪਿਤਾ ਐੱਚ. ਡੀ. ਦੇਵੇਗੌੜਾ 'ਤੇ ਇਕ ਧੱਬਾ ਹੈ, ਜਿਸ ਨੂੰ ਉਨ੍ਹਾਂ ਨੇ ਕਾਂਗਰਸ ਨਾਲ ਗੱਠਜੋੜ ਕਰ ਕੇ ਹੁਣ ਧੋ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਲਈ ਵੀ ਵਚਨਬੱਧਤਾ ਪ੍ਰਗਟਾਈ ਤੇ ਕਿਹਾ ਕਿ ਸੂਬੇ ਵਿਚ ਗੱਠਜੋੜ ਸਰਕਾਰ 5 ਵਰ੍ਹਿਆਂ ਦਾ ਕਾਰਜਕਾਲ ਪੂਰਾ ਕਰੇਗੀ। 
ਜਨਤਾ ਦਲ (ਐੱਸ)-ਕਾਂਗਰਸ ਸਰਕਾਰ ਨੇ ਬਹੁਮਤ ਸਿੱਧ ਕਰਨ ਤੋਂ ਬਾਅਦ ਅਜੇ ਸ਼ਾਸਨ ਵੱਲ ਕਦਮ ਵਧਾਇਆ ਵੀ ਨਹੀਂ ਹੈ ਪਰ ਭਾਜਪਾ ਨੇ ਇਸ ਵਿਰੁੱਧ ਹਮਲਾਵਰ ਰੁਖ਼ ਅਪਣਾ ਲਿਆ ਹੈ ਅਤੇ ਯੇਦੀਯੁਰੱਪਾ ਨੇ ਵਿਧਾਨ ਸਭਾ ਤੋਂ ਬਾਹਰ ਆਉਣ ਮਗਰੋਂ ਕਿਹਾ ਕਿ  ਜੇ ਮੁੱਖ ਮੰਤਰੀ ਕੁਮਾਰਸਵਾਮੀ ਕਿਸਾਨਾਂ ਦਾ ਕਰਜ਼ਾ ਮੁਆਫ ਨਹੀਂ ਕਰਦੇ ਤਾਂ ਉਹ 28 ਮਈ ਨੂੰ ਸੂਬੇ ਵਿਚ 'ਬੰਦ' ਦਾ ਸੱਦਾ ਦੇਣਗੇ। ਕੁਮਾਰਸਵਾਮੀ ਦੇ ਸਹੁੰ-ਚੁੱਕ ਸਮਾਗਮ ਵਿਚ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਇੰਨੀ ਵੱਡੀ ਗਿਣਤੀ 'ਚ ਮੌਜੂਦਗੀ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਭਾਜਪਾ ਵਿਰੋਧੀ ਇਕ ਮੰਚ ਦੇ ਗਠਨ ਦੀ ਸ਼ੁਰੂਆਤ ਵਜੋਂ ਦੇਖੀ ਜਾ ਰਹੀ ਹੈ। 
ਕਾਂਗਰਸ-ਜਨਤਾ ਦਲ (ਐੱਸ) ਗੱਠਜੋੜ ਨੇ ਦੇਸ਼ ਵਿਚ ਭਾਜਪਾ ਵਿਰੋਧੀ ਪਾਰਟੀਆਂ ਦੀ ਏਕਤਾ ਦੇ ਯਤਨਾਂ ਨੂੰ ਰਫਤਾਰ ਦਿੱਤੀ ਹੈ ਅਤੇ 2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵਿਰੋਧੀ ਧਿਰ ਦੀ ਏਕਤਾ ਦਾ ਸੰਦੇਸ਼ ਦਿੱਤਾ ਹੈ। ਇਹ ਏਕਤਾ ਕਿਸ ਹੱਦ ਤਕ ਹੁੰਦੀ ਹੈ, ਇਹ ਭਵਿੱਖ ਦੇ ਗਰਭ ਵਿਚ ਹੈ ਪਰ ਵਿਰੋਧੀ ਪਾਰਟੀਆਂ ਦੇ ਸਾਰੇ ਨੇਤਾ ਆਪਣੇ ਅੰਤਰ-ਵਿਰੋਧਾਂ ਦੇ ਬਾਵਜੂਦ ਇਕ ਮੰਚ 'ਤੇ ਆਏ ਹਨ, ਜਿਸ ਨੂੰ ਭਾਜਪਾ ਹਲਕੇ ਤੌਰ 'ਤੇ ਨਹੀਂ ਲੈ ਸਕਦੀ।                                        
—ਵਿਜੇ ਕੁਮਾਰ 

Vijay Kumar Chopra

This news is Chief Editor Vijay Kumar Chopra