ਸਾਮਾਨ ਦੇ ਗੁਆਚਣ ਤੇ ਨੁਕਸਾਨ ਦਾ ਮਿਲ ਸਕਦੈ ਹਵਾਈ ਯਾਤਰੀਆਂ ਨੂੰ ਮੁਆਵਜ਼ਾ

05/24/2018 10:27:03 AM

ਨਵੀਂ ਦਿੱਲੀ - ਹਵਾਈ ਯਾਤਰੀਆਂ ਲਈ ਇਕ ਚੰਗੀ ਖਬਰ ਹੈ। ਹੁਣ ਸਾਮਾਨ ਸਬੰਧੀ ਸਮੱਸਿਆਵਾਂ ਤੋਂ ਉਨ੍ਹਾਂ ਨੂੰ ਜਲਦ ਨਿਜਾਤ ਮਿਲ ਸਕਦੀ ਹੈ। ਘਰੇਲੂ ਖੇਤਰ ਲਈ ਹਵਾਈ ਯਾਤਰੀ ਨਾਗਰਿਕ ਚਾਰਟਰ ਨੇ ਇਕ ਪ੍ਰਸਤਾਵ ਪੇਸ਼ ਕੀਤਾ ਹੈ, ਜਿਸ ਤਹਿਤ ਏਅਰਲਾਈਨ ਨੂੰ ਸਾਮਾਨ ਗੁਆਚ ਜਾਣ 'ਤੇ 3000 ਰੁਪਏ ਤੇ ਉਸ ਦੇ ਨੁਕਸਾਨੇ ਜਾਣ 'ਤੇ 1000 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।
ਹਵਾਈ ਯਾਤਰੀਆਂ ਵੱਲੋਂ ਸਾਮਾਨ ਗੁਆਚ ਜਾਣ, ਚੋਰੀ ਹੋਣ ਜਾਂ ਉਸ ਦੇ ਨੁਕਸਾਨੇ ਜਾਣ ਦੀਆਂ ਸ਼ਿਕਾਇਤਾਂ ਲਗਾਤਾਰ ਕੀਤੀਆਂ ਜਾਂਦੀਆਂ ਹਨ ਅਤੇ ਹਮੇਸ਼ਾ ਸਬੰਧਤ ਏਅਰਲਾਈਨ ਨੂੰ ਇਸ ਦੇ ਲਈ ਨੋਟਿਸ ਵੀ ਜਾਰੀ ਕੀਤਾ ਜਾਂਦਾ ਹੈ। ਸਰਕਾਰ ਨੇ ਕਿਹਾ ਕਿ ਹਾਲਾਂਕਿ ਇਹ ਚਾਰਟਰ ਘਰੇਲੂ ਖੇਤਰ ਦੀਆਂ ਸਾਰੀਆਂ ਏਅਰਲਾਈਨਾਂ 'ਤੇ ਲਾਗੂ ਹੋਵੇਗਾ। ਚਾਰਟਰ ਨੂੰ ਜਨਤਕ ਕੀਤਾ ਗਿਆ ਹੈ ਤੇ ਸਲਾਹ ਮਸ਼ਵਰਾ ਪ੍ਰਕਿਰਿਆ 30 ਦਿਨ ਖੁੱਲ੍ਹੀ ਰਹੇਗੀ। ਇਸ ਪ੍ਰਕਿਰਿਆ ਦੇ ਖਤਮ ਹੋਣ ਤੋਂ ਬਾਅਦ 2 ਮਹੀਨਿਆਂ ਅੰਦਰ ਇਸ ਪ੍ਰਸਤਾਵਿਤ ਸੋਧ ਨੂੰ ਸੂਚਿਤ ਕਰ ਦਿੱਤਾ ਜਾਵੇਗਾ।
ਸਪਾਈਸ ਜੈੱਟ ਵੱਲੋਂ 10 ਨਵੀਆਂ ਘਰੇਲੂ ਉਡਾਣਾਂ ਹੋਣਗੀਆਂ ਸ਼ੁਰੂ 
ਸਸਤੀ ਹਵਾਬਾਜ਼ੀ ਸੇਵਾ ਕੰਪਨੀ ਸਪਾਈਸ ਜੈੱਟ ਨੇ ਆਉਣ ਵਾਲੀ 16 ਜੂਨ ਤੋਂ 10 ਨਵੀਆਂ ਘਰੇਲੂ ਉਡਾਣਾਂ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਬਮਬਾਡੀਅਰ ਕਿਊ-400 ਏਅਰ ਕਰਾਫਟ ਜ਼ਰੀਏ ਦੱਖਣ ਭਾਰਤ 'ਚ ਆਪਣਾ ਨੈੱਟਵਰਕ ਮਜ਼ਬੂਤ ਕਰਨ ਦੇ ਨਾਲ ਹੀ ਉਡਾਣਾਂ ਦੀ ਗਿਣਤੀ ਵਧਾ ਰਹੀ ਹੈ।  ਸਪਾਈਸ ਜੈੱਟ ਚੇਨਈ-ਮੇਂਗਲੁਰੂ-ਚੇਨਈ ਦੇ ਵਿਚਕਾਰ 16 ਜੂਨ ਤੋਂ ਰੋਜ਼ਾਨਾ ਸਿੱਧੀ ਉਡਾਣ ਸੇਵਾ ਸ਼ੁਰੂ ਕਰ ਰਹੀ ਹੈ। ਇਸਦੇ ਨਾਲ ਹੀ ਉਹ ਹੈਦਰਾਬਾਦ-ਰਾਜਮੁੰਦਰੀ, ਚੇਨਈ-ਕੋਝੀਕੋਡ ਅਤੇ ਬੈਂਗਲੁਰੂ-ਕੋਝੀਕੋਡ 'ਚ ਸ਼ਾਮ ਇਕ ਹੋਰ ਉਡਾਣ ਸੇਵਾ ਸ਼ੁਰੂ ਕਰਨ ਜਾ ਰਹੀ ਹੈ ਅਤੇ ਚੇਨਈ-ਹੈਦਰਾਬਾਦ ਮਾਰਗ 'ਤੇ ਤੀਸਰੀ ਉਡਾਣ ਸੇਵਾ ਸ਼ੁਰੂ ਹੋਵੇਗੀ।