ਬ੍ਰਿਸਬੇਨ ''ਚ ਤੇਜ਼ ਰਫਤਾਰ ਕਾਰ ਹੋਈ ਹਾਦਸੇ ਦੀ ਸ਼ਿਕਾਰ, ਡਰਾਈਵਰ ਦੀ ਮੌਤ

05/15/2018 12:58:57 PM

ਬ੍ਰਿਸਬੇਨ— ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ 'ਚ ਇਕ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ, ਜਿਸ ਕਾਰਨ ਕਾਰ ਡਰਾਈਵਰ ਦੀ ਮੌਤ ਹੋ ਗਈ। ਇਹ ਹਾਦਸਾ ਬ੍ਰਿਸਬੇਨ ਦੇ ਲੋਗਾਨ ਰੋਡ 'ਤੇ ਵਾਪਰਿਆ। ਕਾਰ ਦੀ ਰਫਤਾਰ ਬਹੁਤ ਤੇਜ਼ ਸੀ ਅਤੇ ਉਹ ਉਲਟ ਦਿਸ਼ਾ ਵੱਲ ਜਾ ਰਹੀ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਚਸ਼ਮਦੀਦਾਂ ਨੇ ਕਿਹਾ ਕਿ ਉਨ੍ਹਾਂ ਦੇਖਿਆ ਕਿ ਇਕ ਨੀਲੇ ਰੰਗ ਦੀ ਤੇਜ਼ ਰਫਤਾਰ ਕਾਰ ਸੜਕ 'ਤੇ ਹਾਦਸੇ ਦੀ ਸ਼ਿਕਾਰ ਹੋ ਗਈ, ਜਿਸ ਕਾਰਨ ਇਕ 72 ਸਾਲਾ ਔਰਤ ਗੰਭੀਰ ਜ਼ਖਮੀ ਹੋ ਗਈ ਅਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ। 
ਕਾਰ ਨੂੰ ਡਰਾਈਵ ਕਰ ਰਿਹਾ 22 ਸਾਲਾ ਨੌਜਵਾਨ ਦੀ ਘਟਨਾ ਵਾਲੀ ਥਾਂ 'ਤੇ ਮੌਤ ਹੋ ਗਈ। ਇਕ ਚਸ਼ਮਦੀਦ ਨੇ ਕਿਹਾ ਕਿ ਇਹ ਬਹੁਤ ਭਿਆਨਕ ਸੀ। ਮੈਂ ਅਤੇ ਮੇਰਾ ਭਰਾ ਮਦਦ ਲਈ ਦੌੜੇ ਅਤੇ ਸੜਕ 'ਤੇ ਲੋਕਾਂ ਦੀ ਭੀੜ ਲੱਗ ਗਈ। ਇਕ ਹੋਰ ਚਸ਼ਮਦੀਦ ਨੇ ਕਿਹਾ ਕਿ ਔਰਤ ਕਿਸਮਤ ਵਾਲੀ ਸੀ, ਜੋ ਕਿ ਬਚ ਗਈ। ਉਨ੍ਹਾਂ ਦੱਸਿਆ ਕਿ ਦਰਅਸਲ ਕਾਰ ਦਾ ਡਰਾਈਵਰ ਉਲਟ ਦਿਸ਼ਾ 'ਚ ਗੱਡੀ ਚਲਾ ਰਿਹਾ ਸੀ। ਜਾਂਚਕਰਤਾ ਅਤੇ ਫੋਰੈਂਸਿਕ ਟੀਮ ਹਾਦਸੇ ਵਾਲੀ ਥਾਂ 'ਤੇ ਪੁੱਜੇ ਅਤੇ ਜਾਂਚ 'ਚ ਜੁੱਟੇ ਹੋਏ ਹਨ। ਇਹ ਹਾਦਸਾ ਮੰਗਲਵਾਰ ਦੀ ਸਵੇਰ ਨੂੰ ਤਕਰੀਬਨ 9.45 ਵਜੇ ਵਾਪਰਿਆ। ਪੁਲਸ ਅਧਿਕਾਰੀ ਘਟਨਾ ਦੀ ਵੀਡੀਓ ਫੁਟੇਜ ਖੰਗਾਲ ਰਹੇ ਹਨ ਕਿ ਔਰਤ ਰੋਡ 'ਤੇ ਗਲਤ ਦਿਸ਼ਾ ਵੱਲ ਕਿਉਂ ਜਾ ਰਹੀ ਸੀ।