ਕੈਪਟਨ ਨੇ ਦਿੱਤਾ ਰੁੱਸੇ ਸਿੱਧੂ ਨੂੰ ਚੇਅਰਮੈਨੀ ਦਾ ''ਥਾਪੜਾ''

04/25/2018 9:08:40 PM

ਜਲੰਧਰ (ਬਿਊਰੋ)- ਪੰਜਾਬ ਸਰਕਾਰ ਵਿਚ ਮੰਤਰੀ ਨਵਜੋਤ ਸਿੰਘ ਸਿੱਧੂ ਕੁਝ ਦਿਨਾਂ ਤੋਂ ਸਰਕਾਰ ਤੋਂ ਨਾਰਾਜ਼ ਚੱਲ ਰਹੇ ਹਨ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੁੱਸੇ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਲਈ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਦੀ ਡਾਇਰੈਕਟਰ ਅਤੇ ਚੇਅਰਪਰਸਨ ਨਿਯੁਕਤ ਕਰ ਦਿੱਤਾ ਹੈ। ਇਹ ਜਾਣਕਾਰੀ ਖੁਦ ਕੈਪਟਨ ਅਮਰਿੰਦਰ ਸਿੰਘ ਨੇ ਇਕ ਟਵੀਟ ਰਾਹੀਂ ਦਿੱਤੀ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਵਿਚ ਲਿਖਿਆ, ਡਾ. ਨਵਜੋਤ ਕੌਰ ਸਿੱਧੂ ਨੂੰ ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਦੀ ਡਾਇਰੈਕਟਰ ਅਤੇ ਚੇਅਰਪਰਸਨ ਵਜੋਂ ਸਰਕਾਰ ਵਿਚ ਸ਼ਾਮਲ ਕਰ ਖੁਸ਼ ਹਾਂ। ਮੈਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਉਹ ਕਾਰਪੋਰੇਸ਼ਨ ਦੇ ਕੰਮਕਾਜ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਵਿਚ ਆਪਣਾ ਬਣਦਾ ਯੋਗਦਾਨ ਪਾਉਣਗੇ।

ਜ਼ਿਕਰਯੋਗ ਹੈ ਕਿ ਰੋਡਰੇਜ ਮਾਮਲੇ ਵਿਚ ਪੰਜਾਬ ਸਰਕਾਰ ਵਲੋਂ ਸਿੱਧੂ ਵਿਰੁੱਧ ਦਿੱਤੇ ਗਏ ਬਿਆਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕੈਪਟਨ ਸਰਕਾਰ ਤੋਂ ਖਫਾ ਸਨ। ਹਾਲਾਂਕਿ ਸਿੱਧੂ ਕਿਸੇ ਵੀ ਤਰ੍ਹਾਂ ਦੀ ਨਾਰਾਜ਼ਗੀ ਤੋਂ ਇਨਕਾਰ ਕਰਦੇ ਰਹੇ ਹਨ ਪਰ ਰਾਜਨੀਤੀ ਵਿਚ ਸਰਗਰਮ ਅਤੇ ਬੇਬਾਕ ਬੋਲਾਂ ਵਾਲੇ ਸਿੱਧੂ ਬੀਤੇ ਕੁਝ ਦਿਨਾਂ ਤੋਂ ਮੌਨ ਧਾਰੀ ਬੈਠੇ ਸਨ, ਜੋ ਉਨ੍ਹਾਂ ਦੀ ਨਾਰਾਜ਼ਗੀ ਨੂੰ ਸਾਫ ਜ਼ਾਹਿਰ ਕਰ ਰਿਹਾ ਸੀ। ਸਿਆਸੀ ਮਾਹਿਰ ਡਾ. ਨਵਜੋਤ ਕੌਰ ਸਿੱਧੂ ਨੂੰ ਦਿੱਤੀ ਚੇਅਰਮੈਨੀ ਅਤੇ ਡਾਇਰੈਕਟਰੀ ਨੂੰ ਸਿੱਧੂ ਦੀ ਨਾਰਾਜ਼ਗੀ ਨਾਲ ਜੋੜ ਕੇ ਵੇਖ ਰਹੇ ਹਨ। ਨਵਜੋਤ ਕੌਰ ਸਿੱਧੂ ਨੂੰ ਮਿਲੇ ਇਨ੍ਹਾਂ ਅਹੁਦਿਆਂ ਤੋਂ ਇਹ ਸਾਫ ਹੋ ਗਈ ਹੈ ਕਿ ਆਉਣ ਵਾਲੇ ਸਮੇਂ ਵਿਚ ਕੈਪਟਨ ਸਰਕਾਰ ਦੇ ਮੰਤਰੀ ਮੰਡਲ ਵਿਚ ਸ਼ਾਮਲ ਹੋਣ ਤੋਂ ਖੁੰਝੇ ਵੱਡੇ ਆਗੂਆਂ ਅਤੇ ਸਰਕਾਰ ਤੋਂ ਨਾਰਾਜ਼ ਚੱਲ ਰਹੇ ਕਾਂਗਰਸੀਆਂ ਨੂੰ ਵੀ ਸਰਕਾਰ ਤੋਂ ਅਜਿਹੇ ਤੌਹਫੇ ਮਿਲਣ ਦੀ ਉਮੀਦ ਹੈ।