ਕਰਨਾਟਕ ਦੇ ਰਾਜਪਾਲ ਹੁਣ ਆਪਣੇ ਅਹੁਦੇ ਤੋਂ ਅਸਤੀਫਾ ਦੇਣ : ਅਮਰਿੰਦਰ

05/20/2018 6:11:37 AM

ਜਲੰਧਰ(ਧਵਨ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਨਾਟਕ ਵਿਧਾਨ ਸਭਾ 'ਚ ਅੱਜ ਕਾਂਗਰਸ ਪਾਰਟੀ ਦੀ ਨੈਤਿਕ ਅਤੇ ਸਿਆਸੀ ਜਿੱਤ 'ਤੇ ਕਾਂਗਰਸ ਤੇ ਜਨਤਾ ਦਲ (ਐੱਸ.) ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਜਪਾ ਦਾ ਚਿਹਰਾ ਜਨਤਾ ਦੇ ਸਾਹਮਣੇ ਬੇਨਕਾਬ ਹੋ ਗਿਆ ਹੈ, ਜਿਸ ਨੇ ਕਰਨਾਟਕ 'ਚ ਸੱਤਾ ਹਾਸਲ ਕਰਨ ਲਈ ਹੇਠਲੇ ਪੱਧਰ ਦੀ ਸਿਆਸਤ ਖੇਡੀ। ਮੁੱਖ ਮੰਤਰੀ ਨੇ ਕਰਨਾਟਕ ਵਿਧਾਨ ਸਭਾ 'ਚ ਵਿਸ਼ਵਾਸ ਮਤ ਤੋਂ ਪਹਿਲਾਂ ਬੀ. ਐੱਸ. ਯੇਦੀਯੁਰੱਪਾ ਵਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਨੂੰ ਭਾਰਤੀ ਲੋਕਤੰਤਰ ਦੀ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਸੱਤਾ ਦੀ ਭੁੱਖੀ ਹੋ ਗਈ ਸੀ ਪਰ ਸੁਪਰੀਮ ਕੋਰਟ ਨੇ ਭਾਰਤੀ ਸੰਵਿਧਾਨ ਦੇ ਨਿਯਮਾਂ ਤੇ ਲੋਕਤੰਤਰ ਦੀ ਰੱਖਿਆ 'ਚ ਅਹਿਮ ਭੂਮਿਕਾ ਨਿਭਾਈ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਕਰਨਾਟਕ 'ਚ ਭਾਜਪਾ ਅਤੇ ਰਾਜਪਾਲ ਵਜੂਭਾਈਵਾਲਾ ਦਰਮਿਆਨ ਸਿਆਸੀ ਗੱਠਜੋੜ ਦੀ ਪੋਲ ਵੀ ਖੁੱਲ੍ਹ ਗਈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ 'ਚ ਯੇਦੀਯੁਰੱਪਾ ਸਰਕਾਰ ਕੋਲ ਬਹੁਮਤ ਨਾ ਹੋਣ ਦੇ ਬਾਵਜੂਦ ਰਾਜਪਾਲ ਨੇ ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੱਤਾ। ਅਜਿਹਾ ਕਰ ਕੇ ਉਨ੍ਹਾਂ ਲੋਕਤੰਤਰ ਦੇ ਨਿਯਮਾਂ ਨੂੰ ਤੋੜਿਆ। ਹੁਣ ਰਾਜਪਾਲ ਨੂੰ ਆਪਣੇ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਲੜਾਈ ਨੂੰ ਫੈਸਲਾਕੁੰਨ ਮੋੜ 'ਤੇ ਲਿਜਾਣ 'ਚ ਰਾਹੁਲ ਗਾਂਧੀ ਦੀ ਅਹਿਮ ਭੂਮਿਕਾ ਰਹੀ। ਉਨ੍ਹਾਂ ਕਰਨਾਟਕ ਵਿਚ ਕਾਂਗਰਸੀ ਵਿਧਾਇਕਾਂ ਵਲੋਂ ਕਿਸੇ ਵੀ ਦਬਾਅ ਜਾਂ ਲਾਲਚ ਵਿਚ ਨਾ ਆਉਣ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਨਾਲ ਹੀ ਭਾਜਪਾ ਨੂੰ ਹਰਾਉਣ 'ਚ ਸਫਲਤਾ ਮਿਲੀ, ਨਹੀਂ ਤਾਂ ਭਾਜਪਾ ਨੇ ਖਰੀਦੋ-ਫਰੋਖਤ ਕਰਨ 'ਚ ਕੋਈ ਕਸਰ ਨਹੀਂ ਛੱਡਣੀ ਸੀ। ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਰਨਾਟਕ ਦੀ ਜਿੱਤ 'ਤੇ ਕਿਹਾ ਕਿ ਭਾਜਪਾ ਨੇ ਕਾਂਗਰਸ ਅਤੇ ਜੇ. ਡੀ. (ਐੱਸ.) ਵਿਧਾਇਕਾਂ ਨੂੰ ਖਰੀਦਣ ਦੀਆਂ ਭਰਪੂਰ ਕੋਸ਼ਿਸ਼ਾਂ ਕੀਤੀਆਂ ਪਰ ਕੋਈ ਵੀ ਵਿਧਾਇਕ ਉਨ੍ਹਾਂ ਦੇ ਝਾਂਸੇ 'ਚ ਨਹੀਂ ਆਇਆ। ਇਹ ਲੋਕਤੰਤਰ ਦੀ ਜਿੱਤ ਹੈ ਤੇ ਇਸ ਲਈ ਸੁਪਰੀਮ ਕੋਰਟ ਦੇ ਸਾਰੇ ਜੱਜ ਵੀ ਵਧਾਈ ਦੇ ਪਾਤਰ ਹਨ।