ਅਕਾਲੀ ਦਲ ਵਲੋਂ ਸ਼ਾਹਕੋਟ ''ਚ ਨੀਮ ਫੌਜੀ ਬਲ ਤਾਇਨਾਤ ਕਰਨ ਦੇ ਸੁਝਾਅ ਦਾ ਅਮਰਿੰਦਰ ਨੇ ਕੀਤਾ ਸਵਾਗਤ

05/13/2018 8:23:43 AM

ਜਲੰਧਰ (ਧਵਨ)—ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਹਕੋਟ ਉਪ ਚੋਣ 'ਚ ਨੀਮ ਫੌਜੀ ਬਲ ਤਾਇਨਾਤ ਕਰਨ ਦੀ ਅਕਾਲੀ ਦਲ ਦੀ ਮੰਗ ਦਾ ਸਵਾਗਤ ਕੀਤਾ ਹੈ। ਮੁੱਖ ਮੰਤਰੀ ਨੇ ਇਕ ਬਿਆਨ 'ਚ ਕਿਹਾ ਕਿ ਨੀਮ ਫੌਜੀ ਬਲਾਂ ਦੀ ਤਾਇਨਾਤੀ ਨਾਲ ਅਕਾਲੀ ਦਲ ਨੂੰ ਸ਼ਾਹਕੋਟ 'ਚ ਆਪਣੀ ਹਾਰ ਤੋਂ ਬਾਅਦ ਸੱਤਾਧਾਰੀ ਕਾਂਗਰਸ ਸਰਕਾਰ 'ਤੇ ਝੂਠੇ ਦੋਸ਼ ਲਾਉਣ ਦਾ ਮੌਕਾ ਨਹੀਂ ਮਿਲੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸ਼ਾਹਕੋਟ ਉਪ ਚੋਣ 'ਚ ਜੇਕਰ ਚੋਣ ਕਮਿਸ਼ਨ ਵਲੋਂ ਨੀਮ ਫੌਜੀ ਬਲਾਂ ਦੀ ਤਾਇਨਾਤੀ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਅਕਾਲੀ ਦਲ ਦੀ ਇਹ ਆਦਤ ਬਣ ਗਈ ਹੈ ਕਿ ਉਹ ਹਰ ਚੋਣ ਹਾਰਨ ਤੋਂ ਬਾਅਦ ਸੂਬਾ ਸਰਕਾਰ 'ਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦਾ ਦੋਸ਼ ਲਾ ਦਿੰਦਾ ਹੈ। ਅਜਿਹਾ ਹੀ ਉਸ ਨੇ ਗੁਰਦਾਸਪੁਰ ਲੋਕ ਸਭਾ ਸੀਟ ਦੀ ਉਪ ਚੋਣ ਸਮੇਂ ਕੀਤਾ ਅਤੇ ਉਸ ਤੋਂ ਬਾਅਦ ਕਾਰਪੋਰੇਸ਼ਨ ਚੋਣਾਂ 'ਚ ਕਾਂਗਰਸ ਨੂੰ ਮਿਲੀ ਜਿੱਤ ਤੋਂ ਬਾਅਦ ਵੀ ਅਕਾਲੀ ਦਲ ਦਾ ਇਹੀ ਰੁਝਾਨ ਰਿਹਾ। ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੀਮ ਫੌਜੀ ਬਲਾਂ ਦੀ ਤਾਇਨਾਤੀ ਦਾ ਵਿਰੋਧ ਨਹੀਂ ਕਰੇਗੀ। ਪੰਜਾਬ ਕਾਂਗਰਸ ਵੀ ਚੋਣ ਕਮਿਸ਼ਨ ਦੇ ਫੈਸਲੇ ਦੀ ਵਿਰੋਧਤਾ ਨਹੀਂ ਕਰੇਗੀ। ਸ਼ਾਹਕੋਟ 'ਚ ਅਕਾਲੀ ਦਲ ਨੂੰ ਆਪਣੀ ਹਾਰ ਸਾਹਮਣੇ ਦਿਖਾਈ ਦੇ ਰਹੀ ਹੈ, ਇਸ ਲਈ ਉਹ ਚੋਣ ਕਮਿਸ਼ਨ ਕੋਲ ਨੀਮ ਫੌਜੀ ਬਲਾਂ ਦੀ ਤਾਇਨਾਤੀ ਦੀ ਮੰਗ ਨੂੰ ਲੈ ਕੇ ਜਾ ਪੁੱਜਾ ਹੈ। 
ਸੁਖਬੀਰ ਦਾ ਮਹਿਤਪੁਰ ਦੇ ਸਾਬਕਾ ਐੱਸ. ਐੱਚ. ਓ. ਨੂੰ ਹਾਸਲ ਸੀ ਸਮਰਥਨ
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਕਿ ਮਹਿਤਪੁਰ ਦੇ ਸਾਬਕਾ ਐੱਸ. ਐੱਚ. ਓ. ਬਾਜਵਾ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਸਮਰਥਨ ਹਾਸਲ ਸੀ ਪਰ ਹੁਣ ਚੋਣ ਕਮਿਸ਼ਨ ਨੇ ਹੀ ਸਾਫ ਕਰ ਦਿੱਤਾ ਹੈ ਕਿ ਐੱਸ. ਐੱਚ. ਓ. ਬਾਜਵਾ ਡਿਊਟੀ ਦੇਣ ਲਈ ਅਨਫਿਟ ਹੈ। ਇਸ ਨਾਲ ਹੁਣ ਅਕਾਲੀ ਦਲ ਵਲੋਂ ਵਿੱਢੀ ਕਾਂਗਰਸ ਲੀਡਰਸ਼ਿਪ ਅਤੇ ਸਰਕਾਰ ਦੇ ਅਕਸ ਨੂੰ ਧੁੰਦਲਾ ਕਰਨ ਦੀ ਮੁਹਿੰਮ ਨੂੰ ਕਰਾਰ ਝਟਕਾ ਲੱਗਾ ਹੈ। 
ਖੇਤਰੀ ਯੋਜਨਾ ਵਿਕਾਸ ਬੋਰਡ ਨਾਲ ਉੱਚ ਪੱਧਰੀ ਬੈਠਕ
ਪੰਜਾਬ ਖੇਤਰੀ, ਸ਼ਹਿਰੀ ਯੋਜਨਾ ਅਤੇ ਵਿਕਾਸ ਬੋਰਡ ਨਾਲ ਉੱਚ ਪੱਧਰੀ ਬੈਠਕ ਕੀਤੀ ਗਈ, ਜਿਸ 'ਚ ਸੂਬੇ ਵਿਚ ਚੱਲ ਰਹੇ ਮੌਜੂਦਾ ਵਿਕਾਸ ਪ੍ਰਾਜੈਕਟਾਂ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਅਧਿਕਾਰੀਆਂ ਨੂੰ ਇਨ੍ਹਾਂ ਪ੍ਰਾਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਬੈਠਕ 'ਚ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ, ਵਿਜੇਇੰਦਰ ਸਿੰਗਲਾ, ਵਿਨੀ ਮਹਾਜਨ ਅਤੇ ਹੋਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ।