ਆਜ਼ਾਦੀ ਦੇ 7 ਦਹਾਕਿਆਂ ਬਾਅਦ ਵੀ ਮਮਦੋਟ ਵਾਸੀਆਂ ਨੂੰ ਨਸੀਬ ਨਹੀਂ ਹੋਇਆ ਬੱਸ ਅੱਡਾ

04/30/2018 12:30:33 PM


ਮਮਦੋਟ (ਜਸਵੰਤ, ਸ਼ਰਮਾ) - ਆਜ਼ਾਦੀ ਦੇ 7 ਦਹਾਕਿਆਂ ਬਾਅਦ ਵੀ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਦੇ ਬਿਲਕੁਲ ਨਜ਼ਦੀਕ ਵੱਸੇ ਕਸਬੇ ਨੂੰ ਬੱਸ ਅੱਡਾ ਨਸੀਬ ਨਾ ਹੋਣਾ ਮਮਦੋਟ ਵਾਸੀਆਂ ਦੀ ਵੱਡੀ ਤਰਾਸਦੀ ਕਿਹਾ ਜਾ ਸਕਦਾ ਹੈ । ਇੰਨੇ ਲੰਬੇ ਸਮੇਂ ਦੌਰਾਨ ਕਈ ਵਾਰ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਬਣੀਆਂ ਅਤੇ ਲੋਕਾਂ ਵੱਲੋਂ ਮਮਦੋਟ ਵਿਚ ਬੱਸ ਅੱਡਾ ਬਣਾਉਣ ਦੀ ਮੰਗ ਵੀ ਉੱਠਦੀ ਰਹੀ ਪਰ ਸਿਆਸੀ ਪਾਰਟੀਆਂ ਵੱਲੋਂ ਵੋਟਾਂ ਦੌਰਾਨ ਕੀਤੇ ਵਾਅਦੇ ਵਫਾ ਨਹੀਂ ਹੋ ਸਕੇ, ਜਿਸ ਕਾਰਨ ਅੱਜ ਵੀ 100 ਤੋਂ ਵੱਧ ਪਿੰਡਾਂ ਦੇ ਲੋਕਾਂ ਦੀ ਇਹ ਵੱਡੀ ਮੰਗ ਬੁਝਾਰਤ ਬਣੀ ਹੋਈ ਹੈ । 
ਇਥੇ ਦੱਸਣਯੋਗ ਹੈ ਕਿ ਬਾਰਡਰ ਪੱਟੀ ਦੇ ਲੋਕ ਮਮਦੋਟ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਨੂੰ ਸਫਰ ਕਰਨ ਲਈ ਇਥੋਂ ਹੀ ਬੱਸਾਂ ਰਾਹੀਂ ਜਾਂਦੇ ਹਨ ਪਰ ਸਿਆਸੀ ਪਾਰਟੀਆਂ ਨੂੰ ਲੋਕਾਂ ਦੀ ਮੁਸ਼ਕਲ ਦਾ ਭੋਰਾ ਵੀ ਖਿਆਲ ਨਹੀਂ ਆ ਰਿਹਾ । ਇਥੇ ਬੱਸ ਸਟੈਂਡ ਬਣਾਉਣ ਦੀ ਮੰਗ ਨੂੰ ਮੀਡੀਆ ਰਾਹੀਂ ਲੰਬੇ ਸਮੇਂ ਤੋਂ ਜ਼ਿਲਾ ਪ੍ਰਸ਼ਾਸਨ ਅਤੇ ਸਰਕਾਰ ਤੱਕ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਪਰ ਇਸ ਸਮੱਸਿਆ ਦਾ ਕੋਈ ਠੋਸ ਹੱਲ ਨਹੀਂ ਹੋ ਸਕਿਆ । ਕਰੀਬ 4 ਸਾਲ ਪਹਿਲਾਂ ਮਮਦੋਟ ਨੂੰ ਨਗਰ ਪੰਚਾਇਤ ਦਾ ਦਰਜਾ ਮਿਲ ਚੁੱਕਾ ਹੈ ਪਰ ਨਗਰ ਪੰਚਾਇਤ ਅਧਿਕਾਰੀਆਂ ਵੱਲੋਂ ਇਕ ਛੋਟਾ ਜਿਹਾ ਆਰਜ਼ੀ ਸ਼ੈੱਡ ਬਣਾ ਕੇ ਡੰਗ ਸਾਰਿਆ ਜਾ ਰਿਹਾ ਹੈ । ਲੋਕਾਂ ਦੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਇਥੇ ਬੱਸ ਅੱਡਾ ਜਲਦੀ ਬਣਾਇਆ ਜਾਵੇ ਤਾਂ ਕਿ ਹਜ਼ਾਰਾਂ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ।