ਬੱਸ ਤੇ ਟਰੱਕ ਦੀ ਟੱਕਰ, ਕਈ ਜ਼ਖਮੀ

05/17/2018 6:23:16 AM

ਭੋਗਪੁਰ, (ਰਾਣਾ)- ਅੱਜ ਸ਼ਾਮ ਤਕਰੀਬਨ 7.30 ਵਜੇ ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ 'ਤੇ ਇਕ ਟਰੱਕ ਅਤੇ ਸਵਾਰੀਆਂ ਨਾਲ ਲੱਦੀ ਬੱਸ ਦੀ ਆਹਮੋ-ਸਾਹਮਣੀ ਭਿਆਨਕ ਟੱਕਰ ਹੋ ਗਈ, ਜਿਸ ਵਿਚ ਕਈ ਵਿਅਕਤੀ ਗੰਭੀਰ ਜ਼ਖਮੀ ਹੋ ਗਏ।  ਜਾਣਕਾਰੀ ਅਨੁਸਾਰ ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ 'ਤੇ ਇਕ ਟਰੱਕ ਪਠਾਨਕੋਟ ਤੋਂ ਜਲੰਧਰ ਆ ਰਿਹਾ ਸੀ, ਜਿਸਨੂੰ ਅਨਿਲ ਕੁਮਾਰ ਯਾਦਵ ਪੁੱਤਰ ਰਾਮ ਪ੍ਰਤਾਪ ਯਾਦਵ ਵਾਸੀ ਸਿਕੰਦਰਪੁਰ ਜ਼ਿਲਾ ਆਜ਼ਮਗੜ੍ਹ ਯੂ. ਪੀ. ਚਲਾ ਰਿਹਾ ਸੀ ਅਤੇ ਦੂਜੇ ਪਾਸਿਓਂ ਸਵਾਰੀਆਂ ਨਾਲ ਭਰੀ ਰਾਜਗੁਰੂ ਕੰਪਨੀ ਦੀ ਬੱਸ ਜਲੰਧਰ ਤੋਂ ਪਠਾਨਕੋਟ ਵੱਲ ਤੇਜ਼ ਰਫ਼ਤਾਰ ਨਾਲ ਆ ਰਹੀ ਸੀ। ਜਦ ਬੱਸ ਗੜ੍ਹੀਬਖਸ਼ਾ ਨਜ਼ਦੀਕ ਪੁੱਜੀ ਤਾਂ ਅਚਾਨਕ ਬੱਸ ਬੇਕਾਬੂ ਹੋ ਕੇ  ਗਲਤ ਸਾਈਡ ਡਿਵਾਈਡਰ ਟੱਪਦੀ ਹੋਈ ਟਰੱਕ ਵਿਚ ਜਾ ਵੱਜੀ। ਦੋਵੇਂ ਵਾਹਨਾਂ ਦੇ ਚਾਲਕ ਗੰਭੀਰ ਜ਼ਖਮੀ ਹੋ ਗਏ ਤੇ ਇਸ ਦੇ ਨਾਲ ਹੀ ਬੱਸ ਦੀਆਂ ਸਵਾਰੀਆਂ ਦੇ ਵੀ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਨੂੰ ਤੁਰੰਤ ਕਾਲਾ ਬੱਕਰਾ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਜਲੰਧਰ ਰੈਫ਼ਰ ਕਰ ਦਿੱਤਾ ਗਿਆ। 
ਹਾਦਸੇ ਵਿਚ ਟਰੱਕ ਡਰਾਈਵਰ ਦੀ ਲੱਤ ਟੁੱਟ ਗਈ ਅਤੇ ਸੰਤੋਖ ਪਿਤਾ ਈਸ਼ਵਰ ਮਾਲਦਾ ਵਾਸੀ ਪੱਛਮੀ ਬੰਗਾਲ, ਅਮਰਪ੍ਰੀਤ ਕੌਰ ਪੁੱਤਰੀ ਜੋਗਿੰਦਰ ਸਿੰਘ ਪਿੰਡ ਰਾਜਪੁਰ ਦਸੂਹਾ (ਹੁਸ਼ਿਆਰਪੁਰ), ਬਿਕਰਮਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਭਿੱਖੀਵਿੰਡ, ਜੋਤੀ ਪਤਨੀ ਬਿਕਰਮਜੀਤ ਸਿੰਘ ਵਾਸੀ ਦਸੂਹਾ, ਜੋਗਿੰਦਰ ਸਿੰਘ ਪੁੱਤਰ ਸੋਮਾ ਰਾਮ ਵਾਸੀ ਝਾਵਾਂ ਟਾਂਡਾ, ਪਰਮਜੀਤ ਸਿੰਘ ਪੁੱਤਰ ਫੂਲਾ ਸਿੰਘ ਵਾਸੀ ਝਿੰਗੜ ਕਲਾਂ ਹੁਸ਼ਿਆਰਪੁਰ, ਪ੍ਰੀਤੀ ਪੁੱਤਰੀ ਜਸਵੰਤ ਸਿੰਘ ਵਾਸੀ ਰਾਜਧਾਨ ਟਾਂਡਾ ਹੁਸ਼ਿਆਰਪੁਰ ਜ਼ਖਮੀ ਹਾਲਤ ਵਿਚ ਹਨ।