BMW ਨੇ ਆਪਣੇ ਕਰਮਚਾਰੀਆਂ ਲਈ ਬਣਾਇਆ ਖਾਸ ਕੰਸੈਪਟ

05/26/2018 11:58:30 AM

ਜਲੰਧਰ : ਜਰਮਨੀ ਦੀ ਕਾਰ ਨਿਰਮਾਤਾ ਕੰਪਨੀ BMW ਨੇ ਆਪਣੇ ਕਰਮਚਾਰੀਆਂ ਦੀ ਸਹੂਲਤ ਲਈ ਅਜਿਹਾ ਇਲੈਕਟ੍ਰਿਕ ਵਾਹਨ ਬਣਾਇਆ ਹੈ, ਜੋ BMW ਦੇ ਪਲਾਂਟ 'ਚ ਸਾਮਾਨ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਆਉਣ-ਲਿਜਾਣ ਵਿਚ ਮਦਦ ਕਰੇਗਾ। BMW ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਸ ਦੇ ਕੁਝ ਕਰਮਚਾਰੀਆਂ ਨੂੰ ਕਾਰਾਂ ਵਿਚ ਲੱਗਣ ਵਾਲਾ ਸਾਮਾਨ ਨਾਲ ਚੁੱਕ ਕੇ ਇਕ ਦਿਨ ਵਿਚ ਲਗਭਗ 12 ਕਿਲੋਮੀਟਰ ਤਕ ਚੱਲਣਾ ਪੈਂਦਾ ਹੈ। ਇਸੇ ਗੱਲ ਵੱਲ ਧਿਆਨ ਦਿੰਦਿਆਂ ਕੰਪਨੀ ਨੇ ਇਹ ਨਵਾਂ ਨਿੱਜੀ ਵਾਹਨ ਤਿਆਰ ਕੀਤਾ ਹੈ।

ਰੀਜੈਨਰੇਟਿਵ ਬ੍ਰੇਕਿੰਗ : ਇਹ ਵਾਹਨ ਰੀਜੈਨਰੇਟਿਵ ਬ੍ਰੇਕਿੰਗ ਸਿਸਟਮ ਨਾਲ ਬਣਾਇਆ ਗਿਆ ਹੈ, ਜਿਸ ਨੂੰ  BMW ਨੇ ਇਸ ਤੋਂ ਪਹਿਲਾਂ ਆਪਣੀ ਨਵੀਂ i3 ਵਿਚ ਵੀ ਦਿੱਤਾ ਹੈ। ਇਹ ਤਕਨੀਕ ਬ੍ਰੇਕ ਲਾਉਣ 'ਤੇ ਪੈਦਾ ਹੋਈ ਬਿਜਲੀ ਵੀ ਬੈਟਰੀ ਵਿਚ ਸਟੋਰ ਕਰਦੀ ਹੈ, ਜਿਸ ਨਾਲ ਜ਼ਿਆਦਾ ਦੂਰੀ ਤਕ ਇਲੈਕਟ੍ਰਿਕ ਵਾਹਨ ਨੂੰ ਚਲਾਉਣ ਵਿਚ ਮਦਦ ਮਿਲਦੀ ਹੈ। ਇਸ ਨੂੰ ਇਕ ਵਾਰ ਫੁਲ ਚਾਰਜ ਕਰ ਕੇ ਫੈਕਟਰੀ ਵਿਚ 25 ਕਿਲੋਮੀਟਰ ਜਿੰਨਾ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਇਸ ਦੀ ਉੱਚ ਰਫਤਾਰ 12 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਗਈ ਹੈ। BMW ਨੇ ਕਿਹਾ ਹੈ ਕਿ ਇਸ ਇਲੈਕਟ੍ਰਿਕ ਵਾਹਨ ਨੂੰ ਏਅਰਪੋਰਟਸ, ਸ਼ਾਪਿੰਗ ਮਾਲਜ਼ ਤੇ ਐਗਜ਼ੀਬਿਸ਼ਨ ਸੈਂਟਰ ਵਿਚ ਵੀ ਵਰਤੋਂ 'ਚ ਲਿਆਂਦਾ ਜਾ ਸਕਦਾ ਹੈ।

ਇਲੈਕਟ੍ਰਿਕ ਵਾਹਨ ਵਿਚ ਲੱਗੇ 5 ਪਹੀਏ
ਇਸ ਇਲੈਕਟ੍ਰਿਕ ਵਾਹਨ ਵਿਚ 5 ਪਹੀਏ ਲੱਗੇ ਹਨ, ਜਿਨ੍ਹਾਂ ਨੂੰ ਇਕ ਵਿਅਕਤੀ ਤੇ ਕਾਰ ਵਿਚ ਲੱਗਣ ਵਾਲੇ ਸਾਮਾਨ ਨੂੰ ਚੁੱਕ ਕੇ ਸਹੀ ਢੰਗ ਨਾਲ ਚਲਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਦੇ ਦੋਵੇਂ ਫਰੰਟ ਪਹੀਏ 360 ਡਿਗਰੀ 'ਤੇ ਘੁੰਮ ਸਕਦੇ ਹਨ ਅਤੇ ਇਸ ਨੂੰ 90 ਡਿਗਰੀ ਤਕ ਖੱਬੇ ਪਾਸੇ ਅਤੇ ਸੱਜੇ ਪਾਸੇ ਚਲਾਇਆ ਜਾ ਸਕਦਾ ਹੈ।