ਭਾਜਪਾ ਪ੍ਰਧਾਨ ਨੇ ਦਿੱਤੇ ਸਾਫ ਸੰਕੇਤ, ਭਗਤ ਹੀ ਹੋਣਗੇ ਵੈਸਟ ਹਲਕੇ ਦੇ ਸਰਦਾਰ

05/22/2018 3:02:29 PM

ਜਲੰਧਰ (ਰਵਿੰਦਰ ਸ਼ਰਮਾ)— ਪ੍ਰਦੇਸ਼ ਭਾਜਪਾ ਪ੍ਰਧਾਨ ਦੇ ਅਹੁਦੇ 'ਤੇ ਸ਼ਵੇਤ ਮਲਿਕ ਦੇ ਕਾਬਜ਼ ਹੁੰਦੇ ਹੀ ਪ੍ਰਦੇਸ਼ ਭਰ 'ਚ ਭਾਜਪਾ ਦੇ ਅੰਦਰ ਕਈ ਤਰ੍ਹਾਂ ਦੇ ਸਮੀਕਰਣ ਬਦਲ ਗਏ ਹਨ। ਇਕ ਤਾਂ ਜਿੱਥੇ-ਜਿੱਥੇ ਗੁੱਟਬਾਜ਼ੀ ਸਿਖਰਾਂ 'ਤੇ ਸੀ, ਉਹ ਠੰਡੀ ਪੈਂਦੀ ਦਿਖਾਈ ਦੇ ਰਹੀ ਹੈ ਤਾਂ ਦੂਜਾ ਮਜ਼ਬੂਤ ਨੇਤਾਵਾਂ ਨੂੰ ਉਨ੍ਹਾਂ ਦੀ ਅਹਿਮੀਅਤ ਦੁਬਾਰਾ ਮਿਲਣ ਲੱਗੀ ਹੈ। ਵਿਜੇ ਸਾਂਪਲਾ ਦੇ ਪ੍ਰਦੇਸ਼ ਪ੍ਰਧਾਨ ਦੀ ਕੁਰਸੀ 'ਤੇ ਬੈਠਦੇ ਹੀ ਜਲੰਧਰ ਵੈਸਟ ਹਲਕੇ 'ਚ ਕੁਰਸੀ ਦੀ ਲੜਾਈ ਸਿਖਰ 'ਤੇ ਪਹੁੰਚ ਗਈ ਸੀ। ਸਾਂਪਲਾ ਖੇਮੇ ਦੇ ਕਈ ਖਾਸਮ-ਖਾਸ ਖੁਦ ਵੈਸਟ ਹਲਕੇ ਤੋਂ ਸੀਟ ਦੇ ਦਾਅਵੇਦਾਰ ਬਣ ਗਏ ਸਨ ਤੇ ਕਈ ਨੇਤਾਵਾਂ ਨੇ ਤਾਂ ਟਿਕਟ ਲਈ ਅਪਲਾਈ ਵੀ ਕੀਤਾ ਸੀ। ਜੇਕਰ ਹਾਈਕਮਾਨ ਨੇ ਇਕ ਵਾਰ ਫਿਰ ਹਲਕੇ 'ਚ ਪੈਂਠ ਰੱਖਣ ਵਾਲੇ ਭਗਤ ਪਰਿਵਾਰ ਦੇ ਮੋਹਿੰਦਰ ਭਗਤ 'ਤੇ ਵੀ ਵਿਸ਼ਵਾਸ ਜਤਾਇਆ ਸੀ। ਹਾਲਾਂਕਿ ਮੋਹਿੰਦਰ ਭਗਤ 2017 'ਚ ਇਹ ਸੀਟ ਹਾਰ ਗਏ ਸਨ। ਉਨ੍ਹਾਂ ਦੇ ਹਾਰਨ ਤੋਂ ਬਾਅਦ 2022 ਲਈ ਸਾਂਪਲਾ ਖੇਮੇ ਦੇ ਕਈ ਨੇਤਾਵਾਂ ਨੇ ਆਪਣੀ ਦਾਅਵੇਦਾਰੀ ਮਜ਼ਬੂਤ ਕਰਨੀ ਸ਼ੁਰੂ ਕਰ ਦਿੱਤੀ ਸੀ। ਜੇਕਰ ਵਿਜੇ ਸਾਂਪਲਾ ਦੇ ਪ੍ਰਦੇਸ਼ ਪ੍ਰਧਾਨ ਤੋਂ ਜਾਂਦੇ ਹੀ ਤੇ ਸ਼ਵੇਤ ਮਲਿਕ ਦੇ ਪ੍ਰਦੇਸ਼ ਪ੍ਰਧਾਨ ਆਉਂਦੇ ਹੀ ਵੈਸਟ ਹਲਕੇ ਦੇ ਸਾਰੇ ਸਮੀਕਰਣ ਬਦਲਣ ਲੱਗੇ ਹਨ। ਮੋਹਿੰਦਰ ਭਗਤ ਨੂੰ ਅਹਿਮ ਜ਼ਿੰਮੇਵਾਰੀ ਸੌਂਪਦੇ ਹੋਏ ਸ਼ਵੇਤ ਮਲਿਕ ਨੇ ਸਾਫ ਸੰਕੇਤ ਦੇ ਦਿੱਤਾ ਕਿ ਆਉਣ ਵਾਲੇ ਸਮੇਂ 'ਚ ਵੀ ਵੈਸਟ ਹਲਕੇ ਦੇ ਸਰਦਾਰ ਮੋਹਿੰਦਰ ਭਗਤ ਹੀ ਹੋਣਗੇ। ਨਵੇਂ ਪ੍ਰਦੇਸ਼ ਪ੍ਰਧਾਨ ਦੇ ਇਸ ਫੈਸਲੇ ਨਾਲ ਸਾਂਪਲਾ ਗੁੱਟ ਦੇ ਕਈ ਨੇਤਾਵਾਂ ਦੇ ਅਰਮਾਨਾਂ 'ਤੇ ਪਾਣੀ ਫਿਰ ਗਿਆ ਹੈ। ਮੋਹਿੰਦਰ ਭਗਤ ਦੇ ਪ੍ਰਦੇਸ਼ ਭਾਜਪਾ ਉਪ ਪ੍ਰਧਾਨ ਬਣਦੇ ਹੀ ਸ਼ਹਿਰ ਦੇ ਸਮੀਕਰਣ ਵੀ ਬਦਲ ਗਏ ਹਨ, ਹੁਣ ਭਾਜਪਾ ਨੇਤਾਵਾਂ ਦਾ ਜਮਾਵੜਾ ਮਨੋਰੰਜਨ ਕਾਲੀਆ ਤੇ ਕੇ. ਡੀ. ਭੰਡਾਰੀ ਤੋਂ ਸਿਮਟ ਕੇ ਭਗਤ ਦੇ ਘਰ ਜੁਟਣ ਲੱਗਾ ਹੈ। ਇਹੀ ਨਹੀਂ ਮੋਹਿੰਦਰ ਭਗਤ ਦੋਬਾਰਾ ਮਜ਼ਬੂਤ ਹੁੰਦੇ ਹੀ ਸਾਂਪਲਾ ਗੁੱਟ ਦੇ ਨੇਤਾ ਹੁਣ ਮੈਦਾਨ ਤੋਂ ਗਾਇਬ ਨਜ਼ਰ ਆ ਰਹੇ ਹਨ। 
ਮੋਹਿੰਦਰ ਗੁੱਟ 'ਚੋਂ ਹੀ ਹੋ ਸਕਦਾ ਹੈ ਨਵਾਂ ਜ਼ਿਲਾ ਪ੍ਰਧਾਨ 
ਪ੍ਰਦੇਸ਼ ਦੀ ਟੀਮ 'ਚ ਬਦਲਾਅ ਤੋਂ ਬਾਅਦ ਹੁਣ ਭਾਜਪਾ ਜ਼ਿਲਿਆਂ ਦੀ ਟੀਮ ਵੀ ਬਦਲਣ ਜਾ ਰਹੀ ਹੈ। ਲੰਮੇ ਸਮੇਂ ਤੋਂ ਜ਼ਿਲਾ ਪ੍ਰਧਾਨ ਦੀ ਕਮਾਨ ਰਮੇਸ਼ ਸ਼ਰਮਾ ਦੇ ਹੱਥਾਂ 'ਚ ਹੈ। ਉਨ੍ਹਾਂ ਦੀ ਅਗਵਾਈ 'ਚ ਪਾਰਟੀ ਜ਼ਿਲੇ 'ਚ ਵਿਧਾਨ ਸਭਾ ਤੇ ਨਗਰ ਨਿਗਮ ਦੀਆਂ ਚੋਣਾਂ ਬੁਰੀ ਤਰ੍ਹਾਂ ਹਾਰ ਚੁੱਕੀ ਹੈ। ਅਜਿਹੇ 'ਚ ਉਨ੍ਹਾਂ ਦਾ ਵੀ ਇਸ ਅਹੁਦੇ ਤੋਂ ਜਾਣਾ ਤੈਅ ਮੰਨਿਆ ਜਾ ਰਿਹਾ ਹੈ। ਚਰਚਾ ਹੈ ਕਿ ਨਵਾਂ ਜ਼ਿਲਾ ਪ੍ਰਧਾਨ ਵੀ ਮੋਹਿੰਦਰ ਗੁੱਟ ਤੋਂ ਹੀ ਹੋ ਸਕਦਾ ਹੈ।