ਦੂਸ਼ਿਤ ਪਾਣੀ ਪੀਣ ਲਈ ਮਜਬੂਰ ਭਾਗੋਵਾਲ ਦੇ ਲੋਕ

05/27/2018 12:44:03 PM

ਬਟਾਲਾ (ਸੈਂਡੀ) : ਜਲ ਸਪਲਾਈ ਵਿਭਾਗ ਵੱਲੋਂ ਭਾਗੋਵਾਲ ਪਿੰਡ ਨੂੰ ਸਾਫ਼-ਸੁਥਰਾ ਪਾਣੀ ਦੇਣ ਲਈ ਜੋ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ। ਉਸਦਾ ਫ਼ਾਇਦਾ ਕਿਸੇ ਨੂੰ ਨਹੀਂ ਹੋਇਆ। ਪਿੰਡ 'ਚ 15-16 ਸਾਲ ਪਹਿਲਾਂ ਲੱਖਾਂ ਰੁਪਏ ਦੀ ਲਾਗਤ ਨਾਲ ਪਾਣੀ ਦੀ ਟੈਂਕੀ ਬਣਾਈ ਗਈ ਸੀ। ਕੁਝ ਸਾਲਾਂ ਦੇ ਵਕਫੇ ਮਗਰੋਂ ਜਦੋਂ ਟੈਂਕੀ ਦਾ ਪਾਣੀ ਛੱਡਿਆ ਗਿਆ ਤਾਂ ਠੇਕੇਦਾਰ ਵੱਲੋਂ ਕੀਤੇ ਘਟੀਆ ਕੰਮ ਕਾਰਨ ਸਪਲਾਈ ਦੀਆਂ ਪਾਈਪਾਂ ਰਸਤੇ ਵਿਚ ਹੀ ਲੀਕ ਹੋ ਗਈਆਂ। ਕਿਸੇ ਨੂੰ ਵੀ ਟੈਂਕੀ ਦਾ ਪਾਣੀ ਪੀਣ ਲਈ ਨਸੀਬ ਨਹੀਂ ਹੋਇਆ। ਪਿੰਡ ਦੀ ਅਬਾਦੀ ਲਗਭਗ 8-9 ਹਜ਼ਾਰ ਦੇ ਕਰੀਬ ਹੈ। ਹਲਕਾ ਫਤਿਹਗੜ੍ਹ ਚੂੜੀਆਂ 'ਚ ਇਹ ਸਭ ਤੋਂ ਵੱਡਾ ਪਿੰਡ ਹੈ। ਪਰ ਇਸਦੇ ਬਾਵਜੂਦ ਵੀ ਇੱਥੋਂ ਦੇ ਵਸਨੀਕਾਂ ਨੂੰ ਸਾਫ਼ ਪਾਣੀ ਪੀਣ ਲਈ ਨਸੀਬ ਨਹੀਂ ਹੋ ਪਾਇਆ ਅਤੇ ਇਹ ਲੋਕ ਹੁਣ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹੋ ਰਹੇ ਹਨ।
ਇਸ ਸਬੰਧੀ ਜਦ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਦੱਸਿਆ ਕਿ ਉਕਤ ਟੈਂਕੀ ਦੀ ਨਿਗਰਾਨੀ ਦੀ ਰੱਖਿਆ ਨਿਗਰਾਨ ਮਿਹਨਤਾਨਾ ਨਾ ਮਿਲਣ ਕਾਰਨ ਕੰਮ ਛੱਡ ਗਿਆ, ਜਿਸ ਕਾਰਨ ਚੋਰਾਂ ਨੇ ਮੋਟਰ, ਸਟਾਰਟਰ ਆਦਿ ਬਿਜਲੀ ਉਪਕਰਨ ਉਡਾ ਲਏ। ਪੰਚਾਇਤ ਨੂੰ ਟੈਂਕੀ ਚਲਾਉਣ ਲਈ ਕੋਈ ਵੱਖਰਾ ਸਰਕਾਰੀ ਫੰਡ ਨਾ ਮਿਲਣ ਕਾਰਨ ਅਤੇ ਬਿਜਲੀ ਦਾ ਬਿੱਲ ਨਾ ਉਤਾਰਨ ਕਾਰਨ ਬਿਜਲੀ ਬੋਰਡ ਵੱਲੋਂ ਟੈਂਕੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ। ਇਸੇ ਤਰ੍ਹਾਂ ਹੀ ਅਨੇਕ ਸਮੱਸਿਆਵਾਂ ਨਾਲ ਜੂਝਦੀ ਪਾਣੀ ਦੀ ਇਹ ਟੈਂਕੀ ਪਿਆਸੇ ਦੇ ਮੂੰਹ 'ਚ ਇਕ ਬੂੰਦ ਪਾਣੀ ਨਹੀਂ ਪਾ ਸਕੀ। 
ਇਸ ਸਬੰਧੀ ਜਦ ਪਿੰਡ ਦੇ ਸਰਪੰਚ ਸ਼ਿੰਗਾਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਟੈਂਕੀ ਤੋਂ ਪਾਣੀ ਨਾ ਮਿਲਣ ਕਾਰਨ ਪਿੰਡ ਵਾਸੀ ਕਾਫ਼ੀ ਪ੍ਰੇਸ਼ਾਨ ਹਨ। ਕਰੀਬ 8-9 ਮਹੀਨੇ ਪਹਿਲਾਂ ਸਰਕਾਰ ਵੱਲੋਂ ਨਵੀਂ ਪਾਈਪ ਲਾਈਨ ਪਾਉਣ ਵਾਸਤੇ 1 ਕਰੋੜ 34 ਲੱਖ ਮਨਜ਼ੂਰ ਹੋ ਚੁੱਕੇ ਹਨ। ਇਸ ਸਬੰਧੀ ਐਕਸੀਅਨ ਨਿਤਿਨ ਕਾਲੀਆ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਨੇ ਕਿਹਾ ਕਿ ਕਾਫ਼ੀ ਸਮਾਂ ਬੀਤ ਜਾਣ ਕਾਰਨ ਪਾਈਪਾਂ ਗਲੀਆਂ ਦੇ ਥੱਲੇ ਹਨ। ਇਸ ਕਰ ਕੇ ਨਵੇਂ ਸਿਰਿਓਂ ਕੰਮ ਸ਼ੁਰੂ ਕਰ ਕੇ ਜਲਦ ਹੀ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ।