ਬੈਂਕਾਂ ''ਚ ਲੱਗੇ ਸੀ. ਸੀ ਕੈਮਰਿਆਂ ਦੀ ਰਿਕਾਰਡ ਰੋਜ਼ਾਨਾ ਕੀਤੀ ਜਾਵੇ ਚੈਕਿੰਗ : ਸਹਾਇਕ ਕਮਿਸ਼ਨਰ

05/16/2018 5:21:57 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਸੁਖਪਾਲ ਢਿੱਲੋਂ ) – ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਬੈਂਕਰਾਂ ਦੀ ਮੀਟਿੰਗ ਅੱਜ. ਗੋਪਾਲ ਸਿੰਘ ਸਹਾਇਕ ਕਮਿਸ਼ਨਰ ਜਨਰਲ ਦੀ ਪ੍ਰਧਾਨਗੀ ਹੇਠ ਦਫਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ। ਇਸ ਮੀਟਿੰਗ 'ਚ ਉਨ੍ਹਾਂ ਨੇ ਬੈਂਕਰਾਂ ਨੂੰ ਹਦਾਇਤ ਕੀਤੀ ਕਿ ਬੇਰੁਜ਼ਗਾਰ ਲੋਕਾਂ ਨੂੰ  ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਛੋਟੇ-ਛੋਟੇ ਕਰਜੇ ਪਹਿਲ ਦੇ ਆਧਾਰ 'ਤੇ ਦੇਣੇ ਚਾਹੀਦੇ ਹਨ ਤਾਂ ਜੋ ਆਪਣੇ ਪੈਰਾ 'ਤੇ ਖੜ੍ਹੇ ਹੋ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ। 
ਇਸ ਮੌਕੇ ਉਨ੍ਹਾਂ ਕਿਹਾ ਕਿ ਆਰ. ਸੇਟੀ ਤੋਂ ਟਰੇਨਿੰਗ ਪ੍ਰਾਪਤ ਲਾਭਪਾਤਰੀਆਂ ਨੂੰ ਪਹਿਲ ਦੇ ਆਧਾਰ 'ਤੇ ਕਰਜ਼ੇ ਦੇਣੇ ਚਾਹੀਦੇ ਹਨ ਅਤੇ ਐੱਸ.ਸੀ ਅਤੇ ਐੱਸ. ਟੀ ਸ਼੍ਰੇਣੀ ਨਾਲ ਸਬੰਧਿਤ ਵਰਗਾਂ ਨੂੰ ਸਟੈਡ ਅੱਪ ਇੰਡੀਆ ਸਕੀਮ ਤਹਿਤ ਆਪਣੇ ਕਾਰੋਬਾਰ ਸ਼ੁਰੂ ਕਰਨ ਲਈ 10 ਲੱਖ ਰੁਪਏ ਤੱਕ ਦੇ ਕਰਜ਼ੇ ਦਿੱਤੇ ਜਾ ਸਕਦੇ ਹਨ। ਉਨ੍ਹਾਂ ਨੇ ਬੈਂਕਾਂ ਦੀ ਸੁਰੱਖਿਆ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਜਿਨ੍ਹਾਂ ਬੈਂਕਾਂ ਦੇ ਹਥਿਆਰ ਦੇ ਲਾਇਸੰਸਾਂ ਦੀ ਰਿਨਿਊ ਮਿਆਦ ਖਤਮ ਹੋਣ ਵਾਲੀ ਹੋਵੇ ਤਾਂ ਉਹ ਅਸਲੇ ਦਾ ਲਾਇਸੰਸ ਰਿਨਿਊ ਕਰਵਾਉਣ ਲਈ ਇਕ ਮਹੀਨਾ ਪਹਿਲਾਂ ਆਪਣੀ ਪ੍ਰਕਿਰਿਆ ਜਰੂਰ ਸ਼ੁਰੂ ਕਰ ਲੈਣ ਤਾਂ ਜੋ ਇਨ੍ਹਾਂ ਬੈਂਕਾਂ ਨੂੰ ਅਸਲਾ ਰਿਨਿਊ ਕਰਵਾਉਣ ਸਮੇਂ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ। 
ਆਰ.ਬੀ.ਆਈ ਦੀਆਂ ਹਦਾਇਤਾਂ ਅਨੁਸਾਰ ਬੈਂਕਾਂ ਦੀ ਸੁਰੱਖਿਆਂ ਲਈ ਹਰ ਇਕ ਬੈਂਕ 'ਚ ਸੀ.ਸੀ.ਟੀ.ਵੀ. ਕੈਮਰੇ ਅਤੇ ਅਲਾਰਮ ਸਿਸਟਮ ਚਾਲੂ ਹਾਲਤ 'ਚ ਹੋਣੇ ਚਾਹੀਦੇ ਹਨ, ਇਸ ਦੀ ਸੂਚਨਾਂ ਜ਼ਿਲਾ ਪ੍ਰਸ਼ਾਸਨ ਅਤੇ ਨੇੜੇ ਦੇ ਪੁਲਸ ਸਟੇਸ਼ਨ ਨੂੰ ਜਰੂਰ ਦੇਣ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਹਰ ਬੈਂਕ ਮੈਨੇਜਰ ਰੋਜ਼ਾਨਾ ਸੀ.ਸੀ.ਕੈਮਰੇ ਦੀ ਮੌਜੂਦਾ ਵਰਕਿੰਗ ਹਾਲਤ ਬਾਰੇ ਜਾਣਕਾਰੀ ਹਾਸਲ ਕਰੇ ਕਿ ਇਨ੍ਹਾਂ ਕੈਮਰਿਆਂ ਦੀ ਰਿਕਾਰਡ ਸਹੀ ਹੋ ਰਹੀ ਹੈ ਜਾਂ ਨਹੀਂ। ਜਿਨ੍ਹਾਂ ਏ. ਟੀ. ਐੱਮ. 'ਤੇ ਗਾਰਡ ਤਾਇਨਾਤ ਹਨ, ਉਥੇ ਇੰਸਪੈਕਸ਼ਨ ਰਜਿਸਟਰ ਹੋਣਾ ਲਾਜ਼ਮੀ ਹੈ ਤਾਂ ਜੋ ਪੁਲਸ ਪ੍ਰਸ਼ਾਸਨ ਦੇ ਕਰਮਚਾਰੀ ਇਨ੍ਹਾਂ ਏ. ਟੀ. ਐੱਮ. ਦੀ ਚੈਕਿੰਗ ਦੌਰਾਨ ਕੋਈ ਮੁਸ਼ਕਲ ਪੇਸ਼ ਨਾ ਆਵੇ।
ਇਸ ਸਬੰਧ 'ਚਨਵੀਨ ਪ੍ਰਕਾਸ਼ ਐੱਲ. ਡੀ. ਐੱਮ. ਸਟੇਟ ਬੈਂਕ ਆਫ ਪਟਿਆਲਾ ਨੇ ਕਿਹਾ ਕਿ ਜ਼ਿਲੇ 'ਚ ਸੈਲਫ ਹੈਲਪ ਗਰੁਪ ਸਫਲਤਾ ਪੂਰਵਕ ਕੰਮ ਕਰ ਰਹੇ ਹਨ, ਕਿਸਾਨ ਕਰੈਡਿਟ ਸਕੀਮ ਤਹਿਤ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਦਿੱਤਾ ਜਾ ਰਿਹਾ ਹੈ, ਜਿਸ ਦੇ ਤਹਿਤ ਹੁਣ ਤੱਕ ਵੱਖ-ਵੱਖ ਬੈਂਕਰਾਂ ਵਲੋਂ ਨਵੇਂ ਕਿਸਾਨ ਕਰੈਡਿਟ ਕਾਰਡ ਬਣਾਏ ਗਏ ਹਨ। ਇਸ ਮੌਕੇ ਪੀ. ਕੇ ਕਪੁਰ ਚੀਫ ਮੈਨੇਜਰ ਐੱਲ. ਡੀ. ਐੱਮ., ਸੰਤੋਸ਼ ਕੁਮਾਰ ਏ. ਜੀ. ਐੱਮ. ਰੀਜ਼ਰਵ ਬੈਂਕ, ਮੇਜਰ ਜੇ.ਐਸ. ਮਾਨ ਚੀਫ ਸਿਕਉਰਟੀ ਅਫਸਰ ਸਟੇਟ ਬੈਂਕ ਆਫ ਇੰਡੀਆ ਆਦਿ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਵਿਕਾਸ ਅਧਿਕਾਰੀਆਂ ਅਤੇ ਬੈਂਕਾਂ ਦੇ ਪ੍ਰਬੰਧਕਾ ਨੇ ਭਾਗ ਲਿਆ।