ਸ਼ਹਿਰ ਦੇ ਕਾਲਜਾਂ ''ਚ ਬੀ. ਐੱਡ. ਲਈ ਹੋ ਸਕਦੀ ਹੈ ਦਾਖਲਾ ਪ੍ਰੀਖਿਆ

04/26/2018 2:20:18 PM

ਚੰਡੀਗੜ੍ਹ (ਰਸ਼ਮੀ ਹੰਸ) : ਪੰਜਾਬ ਯੂਨੀਵਰਸਿਟੀ ਵੱਲੋਂ ਇਸ ਵਾਰ ਸ਼ਹਿਰ ਦੇ ਕਾਲਜਾਂ ਵਿਚ ਬੀ. ਐੱਡ ਵਿਚ ਦਾਖਲਾ ਲੈਣ ਲਈ ਵੀ ਵਿਦਿਆਰਥੀਆਂ ਨੂੰ ਦਾਖਲਾ ਪ੍ਰੀਖਿਆ ਦੇਣੀ ਪੈ ਸਕਦੀ ਹੈ। ਧਿਆਨਯੋਗ ਹੈ ਕਿ ਪਿਛਲੇ ਸੈਸ਼ਨ ਵਿਚ ਪੀ. ਯੂ. ਨੇ ਪੰਜਾਬ ਦੇ ਸਾਰੇ ਕਾਲਜਾਂ ਲਈ ਬੀ. ਐੱਡ. ਦੀ ਦਾਖਲਾ ਪ੍ਰੀਖਿਆ ਲਈ ਸੀ। ਇਨ੍ਹਾਂ ਵਿਚ ਉਹ ਕਾਲਜ ਵੀ ਸ਼ਾਮਲ ਸਨ ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਸਬੰਧਤ ਸਨ ਪਰ ਸੈਸ਼ਨ 2017 ਵਿਚ ਸ਼ਹਿਰ ਦੇ ਕਾਲਜਾਂ ਵਿਚ ਬੀ. ਐੱਡ ਲਈ ਦਾਖਲਾ ਪ੍ਰੀਖਿਆ ਨਹੀਂ ਹੋਈ ਸੀ। ਉਥੇ ਹੀ ਇਸ ਵਾਰ ਪੀ. ਯੂ. ਨਾਲ ਸਬੰਧਤ ਸ਼ਹਿਰ ਦੇ ਕਾਲਜਾਂ ਵਿਚ ਵੀ ਬੀ. ਐੱਡ. ਵਿਚ ਦਾਖਲੇ ਲਈ ਸੈਸ਼ਨ 2018 ਦਾਖਲਾ ਪ੍ਰੀਖਿਆ ਲਈ ਜਾ ਸਕਦੀ ਹੈ।  ਉਧਰ ਇਕ ਪਾਸੇ ਜਿਥੇ ਐੱਮ. ਐੱਡ. ਵਿਚ ਵੱਡੀ ਗਿਣਤੀ ਵਿਚ ਸੀਟਾਂ ਖਾਲੀ ਰਹਿ ਜਾਣ ਕਾਰਨ ਪਿਛਲੇ ਸੈਸ਼ਨ 2017 'ਚ ਐੱਮ. ਐੱਡ. ਦੀ ਦਾਖਲਾ ਪ੍ਰੀਖਿਆ ਖਤਮ ਕੀਤੀ ਗਈ ਸੀ, ਉਥੇ ਹੀ ਇਸ ਵਾਰ ਕਾਲਜ ਮੈਨੇਜਮੈਂਟ ਨੂੰ ਆਪਣੇ ਪੱਧਰ 'ਤੇ ਹੀ ਐੱਮ. ਐੱਡ ਵਿਚ ਦਾਖਲਾ ਦੇਣ ਦੀ ਛੋਟ ਦੇ ਦਿੱਤੀ ਹੈ। ਮਤਲਬ ਕਾਲਜ ਮੈਨੇਜਮੈਂਟ ਮੈਰਿਟ ਆਧਾਰ 'ਤੇ ਵਿਦਿਆਰਥੀਆਂ ਨੂੰ ਦਾਖਲਾ ਦੇਵੇਗੀ। ਧਿਆਨਯੋਗ ਹੈ ਕਿ ਪਿਛਲੇ ਸੈਸ਼ਨ ਵਿਚ ਐੱਮ. ਐੱਡ. ਵਿਚ ਮੈਰਿਟ ਦੇ ਆਧਾਰ 'ਤੇ ਪੀ. ਯੂ. ਨੇ ਸਾਰੇ ਕਾਲਜਾਂ ਵਿਚ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਸੀ।  ਜਾਣਕਾਰੀ ਅਨੁਸਾਰ ਨੈਸ਼ਨਲ ਕਾਊਂਸਿਲ ਫਾਰ ਟੀਚਰ ਐਸੋਸੀਏਸ਼ਨ (ਐੱਨ. ਸੀ. ਟੀ. ਈ.) ਵੱਲੋਂ ਸ਼ਹਿਰ ਦੇ ਬੀ. ਐੱਡ. ਕਾਲਜ ਵਿਚ ਵਿਦਿਆਰਥੀਆਂ ਨੂੰ ਦਾਖਲਾ ਦੇਣ ਲਈ ਦਾਖਲਾ ਪ੍ਰੀਖਿਆ ਲੈਣ ਲਈ ਕਿਹਾ ਗਿਆ ਹੈ, ਹਾਲਾਂਕਿ ਇਸ ਲਈ ਨੋਟੀਫਿਕੇਸ਼ਨ ਨਹੀਂ ਆਇਆ ਹੈ। ਜੇ ਸ਼ਹਿਰ ਦੇ ਕਾਲਜਾਂ ਵਿਚ ਬੀ. ਐੱਡ ਲਈ ਦਾਖਲਾ ਪ੍ਰੀਖਿਆ ਲੈਣ ਲਈ ਨੋਟੀਫਿਕੇਸ਼ਨ ਆ ਜਾਂਦਾ ਹੈ ਤਾਂ ਹੋ ਸਕਦਾ ਹੈ ਕਿ ਇਨ੍ਹਾਂ ਕਾਲਜਾਂ 'ਚ ਵੀ ਬੀ. ਐੱਡ. ਦੀਆਂ ਪੂਰੀਆਂ ਸੀਟਾਂ ਨਾ ਭਰ ਸਕਣ।  
ਐੱਮ. ਐੱਡ. ਦੀਆਂ 50 ਫੀਸਦੀ ਤੋਂ ਵੀ ਜ਼ਿਆਦਾ ਸੀਟਾਂ ਖਾਲੀ

ਸੈਸ਼ਨ 2017 ਵਿਚ ਸੈਕਟਰ-20 ਦੇ ਬੀ. ਐੱਡ. ਕਾਲਜ ਵਿਚ ਐੱਮ. ਐੱਡ. ਦੀਆਂ 50 ਵਿਚੋਂ ਸਿਰਫ 15 ਸੀਟਾਂ ਭਰੀਆਂ ਹਨ। ਇਸ ਤਰ੍ਹਾਂ ਸਮਾਜ ਕਾਲਜ ਵਿਚ ਵੀ ਐੱਮ. ਐੱਡ. ਦੀਆਂ ਕਾਫੀ ਸੀਟਾਂ ਖਾਲ੍ਹੀ ਪਈਆਂ ਹਨ। ਪੰਜਾਬ ਦੇ ਕਾਲਜਾਂ ਵਿਚ ਐੱਮ. ਐੱਡ. ਦੀਆਂ 50 ਫੀਸਦੀ ਤੋਂ ਜ਼ਿਆਦਾ ਸੀਟਾਂ ਖਾਲੀ ਪਈਆਂ ਹਨ ਤੇ ਕਾਲਜ ਮੈਨੇਜਮੈਂਟਾਂ ਇਸ ਕਾਰਨ ਕਾਫੀ ਪ੍ਰੇਸ਼ਾਨ ਹਨ ਕਿਉਂਕਿ ਇਸ ਕਾਰਨ ਇਨ੍ਹਾਂ ਕੋਰਸਾਂ ਨੂੰ ਚਲਾਉਣਾ ਬਹੁਤ ਮੁਸ਼ਕਲ ਹੈ।