ਔਰੰਗਾਬਾਦ ਹਿੰਸਾ: ਪਥਰਾਅ ਦੌਰਾਨ ਜ਼ਖਮੀ ਹੋਏ ਸਨ ਏ.ਸੀ.ਪੀ, ਹਾਲਤ ਨਾਜ਼ੁਕ

05/14/2018 12:30:05 PM

ਔਰੰਗਾਬਾਦ— ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲੇ 'ਚ ਸ਼ੁੱਕਰਵਾਰ ਦੇਰ ਰਾਤੀ ਦੋ ਗੁੱਟਾਂ ਵਿਚਕਾਰ ਹੋਈ ਝੜਪ ਦੇ ਬਾਅਦ ਹੁਣ ਮਾਹੌਲ ਸ਼ਾਂਤੀ ਭਰਿਆ ਹੈ। ਇਸ ਘਟਨਾ ਦੇ ਬਾਅਦ ਪੂਰੇ ਸ਼ਹਿਰ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਸੀ। ਹਿੰਸਾ ਦੌਰਾਨ ਸਹਾਇਕ ਕਮਿਸ਼ਨਰ ਆਫ ਪੁਲਸ ਗੋਵਰਧਨ ਕੋਲੇਕਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ, ਡਾਕਟਰਾਂ ਮੁਤਾਬਕ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।


11 ਮਈ ਨੂੰ ਔਰੰਗਾਬਾਦ 'ਚ ਦੇਰ ਰਾਤੀ ਗੁੱਟਾਂ 'ਚ ਪਾਣੀ ਦੇ ਕਨੈਕਸ਼ਨ ਤੋੜਨ ਕਾਰਨ ਝਗੜਾ ਹੋਇਆ ਸੀ। ਇਸ ਝਗੜੇ ਦੇ ਕੁਝ ਦੇਰ ਬਾਅਦ ਹੀ ਜ਼ਿਲੇ 'ਚ ਤਨਾਅ ਪੈਦਾ ਹੋ ਗਿਆ ,ਜਿਸ ਦੇ ਬਾਅਦ ਦੋ ਗੁੱਟਾਂ ਦੇ ਲੋਕ ਸੜਕਾਂ 'ਤੇ ਉਤਰ ਆਏ ਅਤੇ ਇਕ-ਦੂਜੇ 'ਤੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਦੌਰਾਨ ਭੀੜ 'ਚ ਸ਼ਾਮਲ ਕੁਝ ਲੋਕਾਂ ਨੇ ਸੜਕ 'ਤੇ ਮੌਜੂਦ ਵਾਹਨਾਂ ਦੀ ਭੰਨ੍ਹਤੋੜ ਕਰਨ ਦੇ ਬਾਅਦ ਅੱਗ ਲਗਾ ਦਿੱਤੀ। ਘਟਨਾ ਦੀ ਜਾਣਕਾਰੀ ਮਿਲਣ ਦੇ ਬਾਅਦ ਜ਼ਿਲੇ 'ਚ ਸਹਾਇਕ ਕਮਿਸ਼ਨਰ ਗੋਵਰਧਨ ਕੋਲੇਕਰ ਭਾਰੀ ਪੁਲਸ ਬਲ ਨਾਲ ਮੌਕੇ 'ਤੇ ਪੁੱਜੇ, ਜਿਸ ਦੇ ਬਾਅਦ ਭੀੜ ਨੂੰ ਕਾਬੂ ਕਰਨ ਲਈ ਹੰਝੂ ਗੈਸ ਦੇ ਗੋਲੇ ਸੁੱਟੇ ਗਏ। ਇਸ ਕਾਰਵਾਈ ਦਾ ਵਿਰੋਧ ਕਰਦੇ ਹੋਏ ਭੀੜ 'ਚ ਸ਼ਾਮਲ ਕੁਝ ਵਿਅਕਤੀਆਂ ਨੇ ਪੁਲਸ 'ਤੇ ਵੀ ਪਥਰਾਅ ਕਰ ਦਿੱਤਾ ਸੀ।