ਏਸ਼ੀਆ ਪ੍ਰਸ਼ਾਂਤ ਖੇਤਰ ਨੂੰ ਹਰ ਸਾਲ ਹੋਵੇਗਾ 160 ਅਰਬ ਡਾਲਰ ਦਾ ਨੁਕਸਾਨ : UN

04/26/2018 3:28:59 PM

ਸੰਯੁਕਤ ਰਾਸ਼ਟਰ (ਭਾਸ਼ਾ)— ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਵਿਚ ਸੰਯੁਕਤ ਰਾਸ਼ਟਰ ਦੀ ਵਿਕਾਸ ਮਾਮਲਿਆਂ ਦੀ ਸ਼ਾਖਾ ਨੇ ਚਿਤਾਵਨੀ ਦਿੱਤੀ ਹੈ ਕਿ ਖੇਤਰ ਵਿਚ ਆਫਤਾਂ ਕਾਰਨ ਹੋਣ ਵਾਲੇ ਆਰਥਿਕ ਨੁਕਸਾਨ ਸਾਲ 2030 ਤੱਕ ਸਾਲਾਨਾ 160 ਅਰਬ ਡਾਲਰ ਨੂੰ ਪਾਰ ਕਰ ਸਕਦੇ ਹਨ। ਸੰਸਥਾ ਨੇ ਖੇਤਰ ਵਿਚ ਆਫਤ ਸੰਬੰਧੀ ਖਤਰੇ ਨੂੰ ਲੈ ਕੇ ਵਿੱਤ ਪੋਸ਼ਣ ਲਈ ਵਿਆਪਕ ਕਦਮ ਉਠਾਉਣ ਦੀ ਬੇਨਤੀ ਕੀਤੀ ਹੈ। ਏਸ਼ੀਆ ਅਤੇ ਪ੍ਰਸ਼ਾਂਤ ਲਈ ਸੰਯੁਕਤ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਕਮੇਟੀ (ਈ. ਐੱਸ. ਸੀ. ਏ. ਪੀ.) ਨੇ ਕਿਹਾ ਕਿ ਇਸ ਸੰਬੰਧ ਵਿਚ ਹੋਰ ਕਦਮ ਉਠਾਏ ਜਾਣ ਦੀ ਲੋੜ ਹੈ ਕਿਉਂਕਿ ਖੇਤਰ ਵਿਚ ਹੋਣ ਵਾਲਾ ਸਿਰਫ 8 ਫੀਸਦੀ ਨੁਕਸਾਨ ਹੀ ਬੀਮਾ ਯੁਕਤ ਹੁੰਦਾ ਹੈ। 
ਏਸ਼ੀਆ ਪ੍ਰਸ਼ਾਂਤ ਖੇਤਰ ਵਿਚ ਆਫਤ ਖਤਰੇ ਲਈ ਵਿੱਤ ਪੋਸ਼ਣ ਮੁੱਦੇ 'ਤੇ ਇਕ ਪ੍ਰੋਗਰਾਮ ਵਿਚ ਬੋਲਦਿਆਂ ਈ. ਐੱਸ. ਸੀ. ਏ. ਪੀ. ਦੀ ਕਾਰਜਕਾਰੀ ਸਕੱਤਰ ਸ਼ਮਸ਼ਾਦ ਅਖਤਰ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ,''ਹੁਣ ਸਮਾਂ ਹੈ ਕਿ ਉੱਭਰਦੀਆਂ ਹੋਈ ਇਨ੍ਹਾਂ ਮੁਸ਼ਕਲ ਚੁਣੌਤੀਆਂ ਦਾ ਹੱਲ ਹੋਵੇ।'' ਈ. ਐੱਸ. ਸੀ. ਏ. ਪੀ. ਨੇ ਚਿਤਾਵਨੀ ਦਿੰਦਿਆ ਕਿਹਾ ਕਿ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਵਿਚ ਆਰਥਿਕ ਨੁਕਸਾਨ ਸਾਲ 2030 ਤੱਕ ਸਾਲਾਨਾ 160 ਅਰਬ ਡਾਲਰ ਨੂੰ ਪਾਰ ਕਰ ਸਕਦਾ ਹੈ। ਸ਼ਮਸ਼ਾਦ ਨੇ ਕਿਹਾ,''ਯਥਾ ਸਥਿਤੀ ਬਣਾਈ ਰੱਖਣਾ ਸੰਭਵ ਨਹੀਂ ਹੈ। ਇਸ ਸਥਿਤੀ ਵਿਚ ਜਨਤਕ ਅਤੇ ਨਿੱਜੀ ਦੋਹਾਂ ਖੇਤਰਾਂ ਵਿਚ ਨੀਤੀ ਨਿਰਮਾਤਾ ਅਤੇ ਆਰਥਿਕ ਰਣਨੀਤੀਕਾਰਾਂ ਨਾਲ ਮਿਲ ਕੇ ਕੰਮ ਕਰਨਾ ਹੋਵੇਗਾ।'' 
ਇਸ ਦੌਰਾਨ ਉਨ੍ਹਾਂ ਨੇ ਪੱਛਮ ਵਿਚ ਤੁਰਕੀ ਤੋਂ ਲੈ ਕੇ ਪੂਰਬ ਵਿਚ ਕਿਰੀਬਾਤੀ ਦੇ ਛੋਟੇ ਟਾਪੂ ਅਤੇ ਉੱਤਰ ਵਿਚ ਰੂਸ ਤੋਂ ਲੈ ਕੇ ਦੱਖਣ ਵਿਚ ਨਿਊਜ਼ੀਲੈਂਡ ਤੱਕ ਈ. ਐੱਸ. ਸੀ. ਏ. ਪੀ. ਦੀ ਭੂਮਿਕਾ ਬਾਰੇ ਦੱਸਿਆ। ਫਿਲਹਾਲ ਯੂ. ਐੱਨ. ਆਫਿਸ ਫੌਰ ਡਿਸਾਸਟਰ ਰਿਸਕ ਰਿਡਕਸ਼ਨ (ਯੂ. ਐੱਨ. ਆਈ. ਐੱਸ. ਡੀ. ਆਰ.) ਦੇ ਪ੍ਰਮੁੱਖ ਮਾਮੀ ਮਿਜੁਤੋਰੀ ਨੇ ਤੇਜ਼ ਅਤੇ ਟਿਕਾਊ ਵਿਕਾਸ ਲਈ ਆਫਤ ਖਤਰਾ ਵਿੱਤ ਪੋਸ਼ਣ ਅਤੇ ਆਫਤ ਖਤਰੇ ਨੂੰ ਘੱਟ ਕਰਨ ਲਈ ਸਰੋਤਾਂ ਦੀ ਲੋੜ ਅਤੇ ਮਹੱਤਤਾ ਨੂੰ ਰੇਖਾਂਕਿਤ ਕੀਤਾ।