ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੀ ਭੁੱਖ ਹੜਤਾਲ ਦੂਜੇ ਦਿਨ ਵੀ ਜਾਰੀ

05/15/2018 1:59:55 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ ਪਵਨ ਤਨੇਜਾ)— ਆਲ ਪੰਜਾਬ ਆਂਗਨਵਾੜੀ ਮੁਲਾਜਮ ਯੂਨੀਅਨ ਵੱਲੋਂ ਅੱਜ ਦੂਜੇ ਦਿਨ ਵੀ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿੰਡ ਬਾਦਲ ਵਿਖੇ ਉਨ੍ਹਾਂ ਦੇ ਘਰ ਅੱਗੇ ਭੁੱਖ ਹੜਤਾਲ ਜਾਰੀ ਰੱਖੀ ਗਈ। ਇਸ ਸਮੇਂ ਵੱਡੀ ਗਿਣਤੀ 'ਚ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਮੌਜੂਦ ਸਨ , ਜਿੰਨਾਂ ਨੇ ਥਾਲੀਆਂ ਖੜਕਾ ਕੇ ਪੰਜਾਬ ਸਰਕਾਰ ਦੇ ਖਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਆਂਗਨਵਾੜੀ ਇੰਪਲਾਈਜ ਫੈਡਰੇਸ਼ਨ ਆਫ਼ ਇੰਡੀਆਂ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੋਈ ਗੱਲ ਨਹੀਂ ਸੁਣ ਰਿਹਾ ਹੈ ਤੇ ਨਾ ਹੀ ਕਾਂਗਰਸ ਦਾ ਕੋਈ ਮੰਤਰੀ ਜਾਂ ਵਿਧਾਇਕ।  ਜਿਸ ਕਰਕੇ ਉਹ ਧਰਨੇ ਮੁਜਾਹਰੇ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਜਥੇਬੰਦੀ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੀਆਂ 54 ਹਜ਼ਾਰ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਦਿੱਤਾ ਜਾਵੇ ਅਤੇ ਸਿੱਖਿਆ ਵਿਭਾਗ ਨੇ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਪ੍ਰੀ ਨਰਸਰੀ ਜਮਾਤਾਂ ਸ਼ੁਰੂ ਕਰਕੇ ਜਿਹੜੇ 3 ਲੱਖ ਬੱਚਿਆਂ ਨੂੰ ਦਾਖਲ ਕੀਤਾ ਹੈ, ਉਹ ਬੱਚੇ ਵਾਪਸ ਆਂਗਨਵਾੜੀ ਸੈਂਟਰਾਂ ਨੂੰ ਦਿੱਤੇ ਜਾਣ ਤੇ ਜਥੇਬੰਦੀ ਦੀਆਂ ਬਾਕੀ ਮੰਗਾਂ ਨੂੰ ਮੰਨਿਆ ਜਾਵੇ। ਇਸੇ ਦੌਰਾਨ 
ਯੂਨੀਅਨ ਦੀਆਂ ਆਗੂਆਂ ਨੇ ਆਪਣਾ ਖੂਨ ਕੱਢ ਕੇ ਸਰਕਾਰ ਲਈ ਪੇਸ਼ ਕੀਤਾ ਅਤੇ ਖੂਨ ਨਾਲ ਲਿਖਿਆ ਮੰਗ ਪੱਤਰ ਡੀ. ਐੱਸ.ਪੀ ਜਸਮੀਤ ਸਿੰਘ ਨੂੰ ਪੰਜਾਬ ਸਰਕਾਰ ਦੇ ਨਾਂ ਦਿੱਤਾ। ਇਸ ਸਮੇਂ ਆਂਗਨਵਾੜੀ ਇੰਪਲਾਈਜ ਫੈਡਰੇਸ਼ਨ ਆਫ਼ ਇੰਡੀਆ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਤੋਂ ਇਲਾਵਾ ਸ਼ਿੰਦਰਪਾਲ ਕੌਰ ਥਾਂਦੇਵਾਲਾ, ਬਲਜਿੰਦਰ ਸਿੰਘ ਖੱਪਿਆਂਵਾਲੀ, ਗਿਆਨ ਕੌਰ ਦੂਹੇਵਾਲਾ, ਸੰਦੀਪ ਕੌਰ ਝੁੱਗੇ, ਸ਼ਿੰਦਰ ਕੌਰ, ਨਰਿੰਦਰ ਕੌਰ ਕੋਟਲੀ ਸੰਘਰ, ਕਿਰਨਪਾਲ ਕੌਰ ਮਹਾਂਬੱਧਰ, ਮਨਜੀਤ ਕੌਰ ਮੁਕਤਸਰ, ਕੰਵਲਜੀਤ ਕੌਰ ਦੋਦਾ, ਗਗਨਦੀਪ ਕੌਰ ਮੱਲਣ, ਸੁਖਪਾਲ ਕੌਰ ਭਲਾਈਆਣਾ, ਕਿਰਨਜੀਤ ਕੌਰ ਭੰਗਚੜੀ, ਉਂਕਾਰ ਕੌਰ ਮਲੋਟ, ਕਰਮਜੀਤ ਕੌਰ ਫੱਤਣਵਾਲਾ, ਇੰਦਰਜੀਤ ਕੌਰ , ਕੁਲਦੀਪ ਕੌਰ ਪੰਜਾਵਾ, ਰਾਮਦੇਵੀ, ਰਿੰਪੀ ਧੀਗੜਾ, ਸੁਖਵਿੰਦਰ ਕੌਰ ਜਲਾਲਾਬਾਦ , ਦੇਸਾ ਰਾਣੀ ਤੇ ਕੁਲਦੀਪ ਕੌਰ ਆਦਿ ਆਗੂ ਮੌਜੂਦ ਸਨ। ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ।