ਹੁਣ ਬੀਅਰ ਨੂੰ ਪੁਲਾੜ ''ਚ ਲੈ ਜਾਣ ਦੀਆਂ ਤਿਆਰੀਆਂ

05/14/2018 3:02:13 PM

ਮੈਲਬੌਰਨ (ਬਿਊਰੋ)— ਅਕਸਰ ਕਿਹਾ ਜਾਂਦਾ ਹੈ ਕਿ ਸ਼ਰਾਬ ਇਨਸਾਨ ਨੂੰ ਸਿਤਾਰਿਆਂ ਦੀ ਸੈਰ ਕਰਵਾਉਂਦੀ ਹੈ। ਹੁਣ ਉਸੇ ਸ਼ਰਾਬ ਨੂੰ ਇਨਸਾਨ ਸਿਤਾਰਿਆਂ ਦੀ ਸੈਰ ਕਰਵਾਉਣ ਦੀ ਤਿਆਰੀ ਕਰ ਰਿਹਾ ਹੈ। ਅਸਲ ਵਿਚ ਬਹੁਤ ਜਲਦੀ ਬੀਅਰ ਨੂੰ ਸਪੇਸ ਵਿਚ ਲਿਜਾਇਆ ਜਾਵੇਗਾ। ਇਸ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜੇ ਅਜਿਹਾ ਹੋ ਸਕਿਆ ਤਾਂ ਸਪੇਸ ਵਿਚ ਜਾਣ ਵਾਲੇ ਪੁਲਾੜ ਯਾਤਰੀ ਉੱਥੇ ਵੀ ਬੀਅਰ ਦਾ ਮਜ਼ਾ ਲੈ ਸਕਣਗੇ। 
ਇਸ ਲਈ ਇਕ ਖਾਸ ਤਰ੍ਹਾਂ ਦੀ ਬੋਤਲ ਦਾ ਡਿਜ਼ਾਈਨ ਤਿਆਰ ਕੀਤਾ ਗਿਆ ਹੈ। ਇਸ ਡਿਜ਼ਾਈਨ ਨੂੰ ਆਸਟ੍ਰੇਲੀਆ ਦੀਆਂ ਦੋ ਕੰਪਨੀਆਂ ਨੇ ਬਣਾਇਆ ਹੈ। ਇਸ ਬੋਤਲ ਵਿਚ ਪੈਸਿਵ ਫੀਡ ਸਿਸਟਮ ਦੀ ਵਰਤੋਂ ਕੀਤੀ ਗਈ ਹੈ। ਜੋ ਸਤਹਿ ਦੇ ਤਣਾਓ ਦੇ ਮਾਧਿਅਮ ਨਾਲ ਬੀਅਰ ਨੂੰ ਹੇਠਾਂ ਤੋਂ ਉੱਪਰ ਤੱਕ ਲਿਆਵੇਗਾ। ਦੋਹਾਂ ਕੰਪਨੀਆਂ ਵੱਲੋਂ ਸੰਯੁਕਤ ਰੂਪ ਨਾਲ ਤਿਆਰ ਕੀਤਾ ਜਾ ਰਿਹਾ ਇਹ ਪ੍ਰੋਜੈਕਟ ਆਪਣੀ ਵੱਖਰੀ ਸਟੇਜ ਵਿਚ ਹੈ ਅਤੇ ਕੰਪਨੀਆਂ ਇਸ ਬੋਤਲ 'ਤੇ ਕੰਮ ਕਰ ਰਹੀਆਂ ਹਨ। ਇਹ ਕੰਪਨੀਆਂ ਮਾਈਕ੍ਰੋ ਗ੍ਰੈਵਿਟੀ ਬੀਅਰ ਬਨਾਉਣ ਵਿਚ ਲੱਗੀਆਂ ਹਨ। ਇਸ ਮਗਰੋਂ ਇਸ ਨੂੰ ਧਰਤੀ 'ਤੇ ਹੀ ਪੈਰਾਬੋਲਿਕ ਫਲਾਈਟ ਵਿਚ ਟੈਸਟ ਕੀਤਾ ਜਾਵੇਗਾ। 
ਇਸ ਤੋਂ ਪਹਿਲਾਂ ਆਸਟ੍ਰੇਲੀਆਈ ਬੀਅਰ ਕੰਪਨੀ 4 ਪਾਈਨਸ ਅਤੇ ਸਪੇਸ ਇੰਜੀਨੀਅਰਿੰਗ ਕੰਪਨੀ ਸਬੇਰ ਨੇ ਮਿਲ ਕੇ ਵਾਸਟੋਕ ਸਪੇਸ ਬੀਅਰ ਬਣਾਈ ਸੀ। ਇਸ ਦਾ ਨਾਮ ਉਸ ਵ੍ਹੀਕਲ ਦੇ ਨਾਮ 'ਤੇ ਰੱਖਿਆ ਗਿਆ ਸੀ ਜੋ ਸਾਲ 1961 ਵਿਚ ਯੂਰੀ ਗਾਗਾਰਿਨ ਨੂੰ ਸਪੇਸ ਵਿਚ ਲੈ ਗਿਆ ਸੀ। ਇਸ ਮਗਰੋਂ ਹੁਣ ਇਹ ਦੋਵੇਂ ਕੰਪਨੀਆਂ ਇਸ ਪ੍ਰੋਜੈਕਟ 'ਤੇ ਕੰਮ ਕਰ ਰਹੀਆਂ ਹਨ। ਇਨ੍ਹਾਂ ਕੰਪਨੀਆਂ ਨੇ ਇਸ ਡਿਜ਼ਾਈਨ ਨੂੰ ਅਮਲੀ ਰੂਪ ਦੇਣ ਲਈ ਇਕ ਲੱਖ ਡਾਲਰ ਦਾ ਫੰਡ ਇਕੱਠਾ ਕਰਨ ਦਾ ਕੰਮ ਸ਼ੁਰੂ ਕੀਤਾ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਇਸ ਫੰਡ ਦੀ ਵਰਤੋਂ ਬੋਤਲ ਦੇ ਉਦਯੋਗਿਕ ਡਿਜ਼ਾਈਨ ਨੂੰ ਪੂਰਾ ਕਰਨ ਲਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਫਿਲਹਾਲ ਸਪੇਸ ਵਿਚ ਸ਼ਰਾਬ ਦੀ ਵਰਤੋਂ ਨੂੰ ਲੈ ਕੇ ਸਖਤ ਨਿਯਮ ਹਨ। ਨਾਸਾ ਦੇ ਵਿਗਿਆਨੀ ਸਪੇਸ ਵਿਚ ਸ਼ਰਾਬ ਨਹੀਂ ਪੀਂਦੇ। ਇਸ ਸ਼ਰਾਬ ਨੂੰ ਬਨਾਉਣ ਵਾਲਿਆਂ ਮੁਤਾਬਕ ਇਹ ਰਿਸਰਚ ਸਿਰਫ ਇਸ ਲਈ ਨਹੀਂ ਹੈ ਕਿ ਬੀਅਰ ਦਾ ਮਜ਼ਾ ਲਿਆ ਜਾਵੇ ਬਲਕਿ ਇਹ ਜਾਨਣ ਲਈ ਵੀ ਹੈ ਕਿ ਮਾਈਕ੍ਰੋ ਗ੍ਰੈਵਿਟੀ ਵਿਚ ਪੀਣ ਦੀ ਆਦਤ ਕਿਵੇਂ ਪ੍ਰਭਾਵਿਤ ਹੁੰਦੀ ਹੈ।