ਮੁੱਖ ਮੰਤਰੀ ਦੇ ਆਈ. ਟੀ. ਸਲਾਹਕਾਰ ਨੂੰ ਕੀਤਾ ਗ੍ਰਿਫਤਾਰ, ਰਿਹਾਅ

05/25/2018 1:14:07 PM

ਚੰਡੀਗੜ੍ਹ (ਸੰਦੀਪ) : ਮੋਟਰਸਾਈਕਲ ਸਵਾਰ ਡਲਿਵਰੀ ਕਰਨ ਵਾਲੇ ਲੜਕੇ ਸਤਨਾਮ ਦੇ ਕਾਰ ਦੀ ਲਪੇਟ ਵਿਚ ਆਉਣ ਨਾਲ ਜ਼ਖਮੀ ਹੋਣ ਦੇ ਮਾਮਲੇ ਵਿਚ ਸੈਕਟਰ-3 ਥਾਣਾ ਪੁਲਸ ਨੇ ਜਾਂਚ ਤੋਂ ਬਾਅਦ ਕਾਰ ਚਲਾ ਰਹੇ ਹਰਿਆਣਾ ਦੇ ਮੁੱਖ ਮੰਤਰੀ ਦੇ ਆਈ. ਟੀ. ਸਲਾਹਕਾਰ ਧਰੁਵ ਮਜੂਮਦਾਰ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਉਸ ਨੂੰ ਮੁੱਖ ਮੰਤਰੀ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ। ਹਾਲਾਂਕਿ ਬਾਅਦ ਵਿਚ ਧਰੁਵ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ, ਜਦੋਂ ਕਿ ਪਹਿਲਾਂ ਸੈਕਟਰ-3 ਥਾਣਾ ਪੁਲਸ ਇਹ ਨਹੀਂ ਪਤਾ ਕਰ ਸਕੀ ਸੀ ਕਿ ਹਾਦਸੇ ਸਮੇਂ ਗੱਡੀ ਕੌਣ ਚਲਾ ਰਿਹਾ ਸੀ, ਜਿਸ ਕਾਰਨ ਪੁਲਸ ਨੇ ਮੁੱਢਲੀ ਜਾਂਚ ਦੇ ਆਧਾਰ 'ਤੇ ਸ਼ੁਰੂ ਵਿਚ ਅਣਪਛਾਤੇ ਕਾਰ ਚਾਲਕ ਖਿਲਾਫ ਕੇਸ ਦਰਜ ਕੀਤਾ ਸੀ।
ਸੂਤਰਾਂ ਦੀ ਮੰਨੀਏ ਤਾਂ ਮਾਮਲਾ ਹਾਈ-ਪ੍ਰੋਫਾਈਲ ਹੋਣ ਕਾਰਨ ਪਹਿਲਾਂ ਪੁਲਸ ਮਾਮਲੇ ਨੂੰ ਲੈ ਕੇ ਲੀਪਾ-ਪੋਚੀ ਕਰਨ ਵਿਚ ਲੱਗੀ ਸੀ, ਜਦੋਂ ਕਿ ਹਾਦਸੇ ਵਿਚ ਜ਼ਖਮੀ ਸਤਨਾਮ ਦੀ ਹਾਲਤ ਪੀ. ਜੀ. ਆਈ. ਵਿਚ ਗੰਭੀਰ ਬਣੀ ਹੋਈ ਹੈ ਤੇ ਉਸ ਦਾ ਇਲਾਜ ਜਾਰੀ ਹੈ। 
ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਮੰਗਲਵਾਰ ਰਾਤ ਸੈਕਟਰ-4 ਪੈਟਰੋਲ ਪੰਪ ਕੋਲ ਧਰੁਵ ਮਜੂਮਦਾਰ ਆਪਣੀ ਸਰਕਾਰੀ ਗੱਡੀ ਵਿਚ ਜਾ ਰਹੇ ਸਨ ਕਿ ਉਨ੍ਹਾਂ ਦੀ ਕਾਰ ਦੀ ਲਪੇਟ ਵਿਚ ਮੋਟਰਸਾਈਕਲ ਸਵਾਰ ਸਤਨਾਮ ਦੇ ਆ ਜਾਣ ਕਾਰਨ ਉਹ ਜ਼ਖਮੀ ਹੋ ਗਿਆ। ਘਬਰਾ ਕੇ ਉਹ ਮੌਕੇ 'ਤੇ ਆਪਣੀ ਗੱਡੀ ਛੱਡ ਕੇ ਉਥੋਂ ਚਲੇ ਗਏ ਸਨ। ਉਥੇ ਹੀ ਹਾਦਸੇ ਤੋਂ ਬਾਅਦ ਜ਼ਖਮੀ ਸਤਨਾਮ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ। ਪੁਲਸ ਨੇ ਇਸ ਮਾਮਲੇ ਵਿਚ ਪਹਿਲਾਂ ਅਣਪਛਾਤੇ ਕਾਰ ਚਾਲਕ ਖਿਲਾਫ ਕੇਸ ਦਰਜ ਕੀਤਾ ਸੀ ਤੇ ਬਾਅਦ ਵਿਚ ਜਾਂਚ ਦੇ ਆਧਾਰ 'ਤੇ ਮਾਮਲੇ ਵਿਚ ਧਰੁਵ ਨੂੰ ਨਾਮਜ਼ਦ ਕਰ ਕੇ ਗ੍ਰਿਫਤਾਰ ਕੀਤਾ।