ਹੁਣ ਸਿਰਫ ਮੈਰਿਟ ਦੇ ਆਧਾਰ ''ਤੇ ਮਿਲੇਗਾ ਡਾਕਟਰਾਂ ਨੂੰ ਦਾਖਲਾ

05/25/2018 3:37:33 PM

ਚੰਡੀਗੜ੍ਹ (ਅਰਚਨਾ) : ਹੁਣ ਜੀ. ਐੱਮ. ਸੀ. ਐੱਚ.-32 ਦੀ ਐੱਮ. ਡੀ. ਤੇ ਐੱਮ. ਐੱਸ. ਸੀਟਾਂ 'ਤੇ ਡਾਕਟਰਾਂ ਨੂੰ ਸਿਰਫ ਮੈਰਿਟ 'ਤੇ ਹੀ ਦਾਖਲਾ ਮਿਲ ਸਕੇਗਾ। ਸੁਪਰੀਮ ਕੋਰਟ ਨੇ ਜੀ. ਐੱਮ. ਸੀ. ਐੱਚ.-32 ਨੂੰ ਪੋਸਟ ਗ੍ਰੈਜੂਏਟ ਸੀਟਾਂ ਦੇ ਦਾਖਲੇ ਲਈ 100 ਫ਼ੀਸਦੀ ਕੋਟਾ ਦੇਣ ਦੀ ਅਪੀਲ ਖਾਰਜ ਕਰ ਦਿੱਤੀ ਹੈ। ਕੋਰਟ ਵਲੋਂ ਸੁਣਾਏ ਫੈਸਲੇ ਮਗਰੋਂ ਹੁਣ ਪੋਸਟ ਗ੍ਰੈਜੂਏਟ ਸੀਟਾਂ 'ਤੇ ਦਾਖਲਾ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਮੱਦੇਨਜ਼ਰ ਹੀ ਕੀਤਾ ਜਾਵੇਗਾ।  
ਸੁਪਰੀਮ ਕੋਰਟ ਵਲੋਂ ਸੁਣਾਏ ਗਏ ਫੈਸਲੇ ਮਗਰੋਂ ਹੁਣ ਕਾਲਜ ਦੀਆਂ 125 ਐੱਮ. ਡੀ./ਐੱਮ. ਐੱਸ. ਦੀਆਂ ਸੀਟਾਂ ਵਿਚੋਂ ਇੰਸਟੀਚਿਊਸ਼ਨਲ ਕੋਟਾ 25 ਫ਼ੀਸਦੀ, ਯੂ. ਟੀ. ਪੂਲ ਕੋਟਾ 25 ਫ਼ੀਸਦੀ, ਜਦਕਿ ਆਲ ਇੰਡੀਆ ਕੋਟਾ 50 ਫ਼ੀਸਦੀ ਹੀ ਰਹੇਗਾ, ਜਦਕਿ ਪਹਿਲਾਂ ਮੈਡੀਕਲ ਕਾਲਜ ਵਲੋਂ ਐੱਮ. ਬੀ. ਬੀ. ਐੱਸ. ਕਰਨ ਵਾਲੇ ਸਾਰੇ ਡਾਕਟਰਾਂ ਨੂੰ ਐੱਮ. ਡੀ./ਐੱਮ. ਐੱਸ. ਵਿਚ ਸੀਟਾਂ ਮਿਲ ਜਾਂਦੀਆਂ ਸਨ। 
ਅਜਿਹੇ ਐੱਮ. ਬੀ. ਬੀ. ਐੱਸ. ਡਾਕਟਰ ਦਾਖਲੇ ਤੋਂ ਵਾਂਝੇ ਰਹਿ ਜਾਂਦੇ ਸਨ, ਜਿਨ੍ਹਾਂ ਕੋਲ ਚੰਡੀਗੜ੍ਹ ਦਾ ਡੋਮੀਸਾਈਲ ਹੁੰਦਾ ਸੀ। ਯੂ. ਟੀ. ਪੂਲ ਵਾਲੇ ਕੋਟੇ ਵਿਚ ਵੀ ਯੂ. ਟੀ. ਦੀ ਬਜਾਏ ਇੰਸਟੀਚਿਊਸ਼ਨਲ ਕੋਟੇ ਦੇ ਡਾਕਟਰਾਂ ਨੂੰ ਦਾਖਲਾ ਮਿਲ ਜਾਂਦਾ ਸੀ, ਜਿਸ ਕਾਰਨ ਮਾਰਚ ਵਿਚ ਡਾ. ਚਾਹਤ ਭਾਟੀਆ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਕੇ ਅਪੀਲ ਕੀਤੀ ਸੀ ਕਿ ਉਸ ਨੂੰ ਯੂ. ਟੀ. ਪੂਲ ਕੋਟੇ ਤਹਿਤ ਮੈਡੀਕਲ ਕਾਲਜ ਦੀ ਪੋਸਟ ਗ੍ਰੈਜੂਏਟ ਸੀਟ 'ਤੇ ਦਾਖਲਾ ਦਿੱਤਾ ਜਾਵੇ।  ਡਾ. ਚਾਹਤ ਨੇ ਕਿਹਾ ਕਿ ਉਸ ਦੀ ਸਕੂਲੀ ਪੜ੍ਹਾਈ ਚੰਡੀਗੜ੍ਹ ਦੀ ਹੈ ਤੇ ਉਸ ਦਾ ਘਰ ਵੀ ਚੰਡੀਗੜ੍ਹ ਹੈ, ਇਸ ਲਈ ਉਸ ਨੂੰ ਪੋਸਟ ਗ੍ਰੈਜੂਏਟ ਸੀਟ 'ਤੇ ਦਾਖਲਾ ਮਿਲਣਾ ਚਾਹੀਦਾ ਹੈ।  

26 ਮਾਰਚ 2018 ਨੂੰ ਕਾਲਜ ਵਲੋਂ ਜਾਰੀ ਕੀਤੀ ਗਈ ਲਿਸਟ ਵਿਚ ਡਾ. ਚਾਹਤ ਨੂੰ ਇਸ ਕਾਰਨ ਅਯੋਗ ਕਿਹਾ ਗਿਆ ਸੀ ਕਿ ਡਾ. ਚਾਹਤ ਨੇ ਚੰਡੀਗੜ੍ਹ ਦੇ ਮੈਡੀਕਲ ਕਾਲਜ ਤੋਂ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਨਹੀਂ ਕੀਤੀ ਸੀ। ਹਾਲਾਂਕਿ ਚਾਹਤ ਨੇ ਚੰਡੀਗੜ੍ਹ ਤੋਂ ਹੀ 10ਵੀਂ ਦੀ ਪੜ੍ਹਾਈ ਕੀਤੀ ਸੀ। ਨੀਟ ਪ੍ਰੀਖਿਆ 2018 ਵਿਚ ਉਸ ਨੇ 580 ਅੰਕ (91.42 ਫ਼ੀਸਦੀ) ਹਾਸਲ ਕੀਤੇ ਸਨ। ਡਾ. ਚਾਹਤ ਦਾ ਆਲ ਇੰਡੀਆ ਰੈਂਕ 11063 ਸੀ ਪਰ ਘੱਟ ਰੈਂਕ ਵਾਲੇ ਮੈਡੀਕਲ ਸਟੂਡੈਂਟਸ ਨੂੰ ਯੋਗ ਸਟੂਡੈਂਟਸ ਦੀ ਲਿਸਟ ਵਿਚ ਪਾਇਆ ਗਿਆ ਸੀ ਕਿਉਂਕਿ ਉਨ੍ਹਾਂ ਨੇ ਚੰਡੀਗੜ੍ਹ ਦੇ ਮੈਡੀਕਲ ਇੰਸਟੀਚਿਊਟ ਤੋਂ ਪੜ੍ਹਾਈ ਕੀਤੀ ਸੀ। ਅਜਿਹਾ ਕਰਨਾ ਨਿਯਮਾਂ ਦੇ ਖਿਲਾਫ ਸੀ ਕਿਉਂਕਿ ਕਿਸੇ ਵੀ ਇੰਸਟੀਚਿਊਟ ਨੂੰ 100 ਫ਼ੀਸਦੀ ਸੀਟਾਂ ਦਾ ਹੱਕ ਨਹੀਂ ਹਾਸਲ ਹੋ ਸਕਦਾ।