ਮਨੁੱਖੀ ਜ਼ਿੰਦਗੀਆਂ ''ਤੇ ਖਤਰਾ ਬਣ ਕੇ ਮੰਡਰਾਅ ਰਹੀ ਹੈ ਓਵਰਸਪੀਡ

05/26/2018 4:12:17 AM

ਦੋਰਾਹਾ(ਗੁਰਮੀਤ ਕੌਰ)-ਦੇਸ਼ ਅੰਦਰ ਦਿਨੋਂ-ਦਿਨ ਵੱਧ ਰਹੇ ਸੜਕੀ ਹਾਦਸਿਆਂ ਨੇ ਮਨੁੱਖੀ ਜ਼ਿੰਦਗੀਆਂ ਦਾ ਘਾਣ ਕਰਕੇ ਰੱਖ ਦਿੱਤਾ ਹੈ ਅਤੇ ਘਰਾਂ ਤੋਂ ਬਾਹਰ ਨਿਕਲਣ ਵਾਲੇ ਦੋ-ਪਹੀਆ ਵਾਹਨ ਚਾਲਕ ਬਿਲਕੁੱਲ ਵੀ ਸੁਰੱਖਿਅਤ ਨਹੀਂ ਰਹੇ, ਕਿਉਂਕਿ ਆਲਮ ਇਹ ਬਣ ਗਿਆ ਹੈ ਕਿ ਜੇਕਰ ਦੋ-ਪਹੀਆ ਵਾਹਨ ਚਾਲਕ ਜਾਂ ਫਿਰ ਪੈਦਲ ਜਾ ਰਿਹਾ ਇਨਸਾਨ ਕਿਤੇ ਤੇਜ਼ ਰਫਤਾਰ ਚਾਰ-ਪਹੀਆ ਵਾਹਨ ਦੇ ਅੱਗੇ ਜਾ ਰਿਹਾ ਹੋਵੇ ਤਾਂ ਉਸਦੀ ਜ਼ਿੰਦਗੀ ਪਲਾਂ 'ਚ ਹੀ ਖਤਮ ਹੋ ਜਾਂਦੀ ਹੈ। ਉਧਰ ਦੂਜੇ ਪਾਸੇ ਤੇਜ਼ ਰਫਤਾਰ ਵਾਹਨ ਦੌੜਾਉਣ ਵਾਲੇ ਜੇਕਰ ਵਾਹਨ ਚਾਲਕਾਂ ਦੀ ਗੱਲ ਕੀਤੀ ਜਾਵੇ ਤਾਂ ਗੱਡੀਆਂ ਨੂੰ ਹਵਾ 'ਚ ਉਡਾਉਂਦੇ ਜਾਂਦੇ ਅਜਿਹੇ ਵਾਹਨ ਚਾਲਕ ਜਿੱਥੇ ਖੁਦ ਆਪਣੀ ਜ਼ਿੰਦਗੀ ਨੂੰ ਖਤਰੇ 'ਚ ਪਾ ਦਿੰਦੇ ਹਨ, ਉਥੇ ਦੂਜੇ ਪਾਸੇ ਸਾਹਮਣੇ ਆ ਜਾਂ ਫਿਰ ਜਾ ਰਹੇ ਇਨਸਾਨ ਦੀ ਤਾਂ ਬਿਲਕੁੱਲ ਖੈਰ ਹੀ ਨਹੀਂ ਹੋਵੇਗੀ।  ਰੋਜ਼ਾਨਾ ਮਨੁੱਖੀ ਜ਼ਿੰਦਗੀਆਂ 'ਤੇ ਖਤਰਾ ਬਣ ਕੇ ਮੰਡਰਾਅ ਰਹੇ ਚਾਰ-ਪਹੀਆ ਵਾਹਨਾਂ ਦੀ ਓਵਰਸਪੀਡ ਨੂੰ ਕੰਟਰੋਲ ਕਰਨ ਲਈ ਜੀ. ਟੀ. ਰੋਡ 'ਤੇ ਪ੍ਰਸ਼ਾਸਨ ਵੱਲੋਂ ਕਿਤੇ ਵੀ ਐਕਸੀਲੇਟਰ ਨਹੀਂ ਲਾਏ ਗਏ, ਜਿਸ ਕਾਰਨ ਵਾਹਨਾਂ ਚਾਲਕ ਮਰਜ਼ੀ ਨਾਲ ਵਾਹਨਾਂ ਦੀ ਸਪੀਡ ਵਧਾ ਕੇ ਸੜਕਾਂ 'ਤੇ ਵਾਹਨ ਦੌੜਾਈ ਫਿਰਦੇ ਹਨ। 
ਸ਼ਹਿਰ 'ਚ ਪਿਛਲੇ ਇਕ ਹਫਤੇ 'ਚ ਵਾਪਰੇ 2 ਹਾਦਸੇ
ਦੋਰਾਹਾ ਇਲਾਕੇ 'ਚ ਪਿਛਲੇ ਇਕ ਹਫਤੇ 'ਚ ਦੋ ਅਜਿਹੇ ਦਰਦਨਾਕ ਸੜਕ ਹਾਦਸੇ ਵਾਪਰੇ ਹਨ, ਜਿਨ੍ਹਾਂ ਨੇ ਹਰ ਕਿਸੇ ਨੂੰ ਅੰਦਰੋਂ ਝਿੰਜੋੜ ਕੇ ਰੱਖ ਦਿੱਤਾ ਹੈ, ਇਨ੍ਹਾਂ ਹਾਦਸਿਆਂ 'ਚ 2 ਨੌਜਵਾਨਾਂ ਦੀ ਭਿਆਨਕ ਮੌਤ ਤੇ ਇਕ ਹੋਰ ਹਾਦਸੇ 'ਚ  ਛੋਟੇ ਬੱਚਿਆਂ ਨੂੰ ਮੋਟਰਸਾਈਕਲ 'ਤੇ ਲੈ ਕੇ ਜਾ ਰਹੇ ਛੋਟੇ ਬੱਚਿਆਂ ਨੂੰ ਵਿਲਕਦੇ ਛੱਡ ਜਾਣ ਵਾਲੇ ਪਤੀ-ਪਤਨੀ ਦੀ ਦਰਦਨਾਕ ਮੌਤ ਵਰਗੇ ਹਾਦਸਿਆਂ ਨੇ ਜਿੱਥੇ ਹਰੇਕ ਮਨ ਨੂੰ ਭਾਰੀ ਠੇਸ ਪਹੁੰਚਾਈ ਹੈ, ਉਥੇ ਦੂਜੇ ਪਾਸੇ ਹਰ ਕੋਈ ਇਹ ਵੀ ਸੋਚਣ ਲੱਗਾ ਹੈ ਕਿ ਆਖਰ ਸੂਬੇ 'ਚ ਕਦੋਂ ਬੰਦ ਹੋਣਗੇ ਅਜਿਹੇ ਸੜਕ ਹਾਦਸੇ? ਕੀ ਪ੍ਰਸ਼ਾਸਨ ਪਾਸ ਵਾਹਨਾਂ ਨੂੰ ਓਵਰਸਪੀਡ ਚਲਾਉਣ ਵਾਲੇ ਚਾਲਕਾਂ ਖਿਲਾਫ ਲਗਾਮ ਕੱਸਣ ਦਾ ਕੋਈ ਅਧਿਕਾਰ ਨਹੀਂ ਹੈ?
ਕੀ ਕਹਿਣਾ ਹੈ ਟ੍ਰੈਫਿਕ ਇੰਚਾਰਜ ਦਾ?
ਦੋਰਾਹਾ ਜੀ. ਟੀ. ਰੋਡ 'ਤੇ ਐਕਸੀਲੇਟਰ ਲਾਏ ਜਾਣ ਸੰਬੰਧੀ ਇਕ ਟ੍ਰੈਫਿਕ ਇੰਚਾਰਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਕਸੀਲੇਟਰ ਦੋਰਾਹਾ ਜੀ. ਟੀ. ਰੋਡ 'ਤੇ ਕਿਤੇ ਵੀ ਪੱਕੇ ਤੌਰ 'ਤੇ ਨਹੀਂ ਲਾਏ ਗਏ ਅਤੇ ਕਈ ਵਾਰ ਲੁਧਿਆਣਾ ਜਾਂ ਖੰਨਾ ਤੋਂ ਸਪੈਸ਼ਲ ਟੀਮ ਕਦੇ-ਕਦੇ ਆ ਜਾਂਦੀ ਹੈ, ਨਹੀਂ ਤਾਂ ਪੱਕਾ ਇੱਥੇ ਐਕਸੀਲੇਟਰ ਦਾ ਕੋਈ ਪ੍ਰਬੰਧ ਨਹੀਂ। 
ਪ੍ਰਸ਼ਾਸਨ ਤੇਜ਼ ਰਫਤਾਰ ਵਾਹਨਾਂ 'ਤੇ ਨਹੀਂ ਕੱਸ ਰਿਹਾ ਸ਼ਿਕੰਜਾ
ਜ਼ਿਕਰਯੋਗ ਹੈ ਕਿ ਬੇਸ਼ੱਕ ਟ੍ਰੈਫਿਕ ਪੁਲਸ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਅਨੇਕਾਂ ਹੱਥਕੰਡੇ ਅਪਣਾਏ ਜਾਂਦੇ ਹਨ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟ ਕੇ ਖਾਨਾਪੂਰਤੀ ਵੀ ਕੀਤੀ ਜਾਂਦੀ ਹੈ, ਪਰ ਅੱਜ ਤੱਕ ਟ੍ਰੈਫਿਕ ਪੁਲਸ ਵਿਭਾਗ ਨੇ ਤੇਜ਼ ਰਫਤਾਰ ਵਾਹਨਾਂ 'ਤੇ ਕਦੇ ਸ਼ਿਕੰਜਾ ਨਹੀਂ ਕੱਸਿਆ ਤੇ ਨਾ ਹੀ ਵਾਹਨਾਂ ਦੀ ਓਵਰਸਪੀਡ ਨੂੰ ਕੰਟਰੋਲ ਕਰਨ ਲਈ ਜੀ. ਟੀ. ਰੋਡ 'ਤੇ ਐਕਸੀਲੇਟਰ ਲਾਉਣ ਦੀ ਕੋਈ ਜ਼ਰੂਰਤ ਨਹੀਂ ਹੈ, ਜਿਸ ਕਾਰਨ ਸੜਕੀ ਹਾਦਸਿਆਂ 'ਚ ਲਗਾਤਾਰ ਹੋ ਰਿਹਾ ਵਾਧਾ ਕਿਤੇ ਨਾ ਕਿਤੇ ਟ੍ਰੈਫਿਕ ਪੁਲਸ ਵਿਭਾਗ ਵੱਲੋਂ ਨਿਯਮਾਂ ਦੀ ਘਾਟ ਵੀ ਜਾਪ ਰਿਹਾ ਹੈ, ਜੇਕਰ ਵਿਦੇਸ਼ਾਂ ਦੀ ਤਰਜ਼ 'ਤੇ ਸਾਡੇ ਦੇਸ਼ ਅਤੇ ਸੂਬੇ 'ਚ ਸੜਕੀ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਵਾਹਨਾਂ ਦੀ ਤੇਜ਼ ਸਪੀਡ ਨੂੰ ਕਾਬੂ ਕਰਨ ਲਈ ਟ੍ਰੈਫਿਕ ਪੁਲਸ ਵਿਭਾਗ ਵੱਲੋਂ ਜੀ. ਟੀ. ਰੋਡਾਂ 'ਤੇ ਐਕਸੀਲੇਟਰ ਪੱਕੇ ਤੌਰ 'ਤੇ ਲਗਾਏ ਜਾਣ ਤਾਂ ਸ਼ਾਇਦ ਸੜਕੀ ਹਾਦਸੇ ਘੱਟ ਹੋ ਜਾਣਗੇ। ਹੁਣ ਦੇਖਦੇ ਹਾਂ ਕਿ ਵਾਹਨਾਂ ਦੀ ਓਵਰਸਪੀਡ ਨੂੰ ਕਾਬੂ ਕਰਨ ਅਤੇ ਮਨੁੱਖੀ ਜ਼ਿੰਦਗੀਆਂ ਨੂੰ ਬਚਾਉਣ ਲਈ ਪ੍ਰਸ਼ਾਸਨ ਕੋਈ ਕਦਮ ਉਠਾਏਗਾ ਜਾਂ ਫਿਰ ਸੜਕਾਂ 'ਤੇ ਸਫਰ ਕਰਨਾ ਹੁਣ ਖਤਰੇ ਤੋਂ ਖਾਲੀ ਨਹੀਂ ਹੋਵੇਗਾ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।