ਬ੍ਰਿਟੇਨ ''ਚ ਲਾਪਤਾ ਹੋਇਆ ਪੰਜਾਬੀ ਮੂਲ ਦਾ ਵਿਦਿਆਰਥੀ ਸੁਰੱਖਿਅਤ ਮਿਲਿਆ : ਪੁਲਸ

05/23/2018 5:26:24 PM

ਲੰਡਨ— ਲੰਡਨ 'ਚ ਬੀਤੇ ਦਿਨੀਂ ਪੰਜਾਬੀ ਮੂਲ ਦਾ ਇਕ ਵਿਦਿਆਰਥੀ ਲਾਪਤਾ ਹੋ ਗਿਆ ਸੀ, ਜੋ ਕਿ ਹੁਣ ਸੁਰੱਖਿਅਤ ਮਿਲ ਗਿਆ ਹੈ। ਬ੍ਰਿਟਿਸ਼ ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਦਿਆਰਥੀ ਦਾ ਨਾਂ ਅਭਿਮਨਿਊ ਚੌਹਾਨ ਹੈ। ਕੁਵੈਂਟਰੀ ਦੇ ਕਿੰਗ ਹੈਨਰੀ ਅੱਠਵੇਂ ਸਕੂਲ 'ਚ ਪੜ੍ਹਨ ਵਾਲੇ ਅਭਿਮਨਿਊ ਨੂੰ ਟੈਸਟ 'ਚ 100 ਫੀਸਦੀ ਅੰਕ ਮਿਲੇ ਸਨ, ਜਿਸ ਤੋਂ ਬਾਅਦ ਉਸ ਨੂੰ ਡਰ ਸਤਾਉਣ ਲੱਗਾ ਕਿ ਉਹ ਕਿਸੇ ਮੁਸੀਬਤ ਵਿਚ ਫਸ ਜਾਵੇਗਾ। ਦਰਅਸਲ ਉਸ ਨੇ ਟੈਸਟ 'ਚ 100 ਫੀਸਦੀ ਅੰਕ ਪ੍ਰਾਪਤ ਕਰਨ ਲਈ ਨਕਲ ਦਾ ਸਹਾਰਾ ਲਿਆ ਸੀ।
ਵੈਸਟ ਮਿਡਲੈਂਡਜ਼ ਪੁਲਸ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਕਿ ਲਾਪਤਾ ਵਿਦਿਆਰਥੀ ਅਭਿਮਨਿਊ ਚੌਹਾਨ ਸੁਰੱਖਿਅਤ ਮਿਲ ਗਿਆ ਹੈ। ਓਧਰ ਅਭਿਮਨਿਊ ਦੇ ਪਿਤਾ ਵਰਿੰਦਰ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪ੍ਰੀਖਿਆ ਟੈਸਟ 'ਚ ਨਕਲ ਮਾਰਨ ਦੇ ਦੋਸ਼ ਤੋਂ ਪਰੇਸ਼ਾਨ ਹੋ ਗਿਆ ਸੀ ਅਤੇ ਉਹ ਸੋਚ ਰਿਹਾ ਸੀ ਉਹ ਸੰਕਟ ਵਿਚ ਪੈ ਗਿਆ ਹੈ। ਇਸ ਤੋਂ ਬਾਅਦ ਅਭਿਮਨਿਊ ਨੇ ਸਕੂਲ ਦੇ ਕੱਪੜੇ ਬਦਲੇ ਅਤੇ ਉੱਥੋਂ ਚੱਲਾ ਗਿਆ ਸੀ। ਆਪਣੇ ਬੱਚੇ ਦੇ ਲਾਪਤਾ ਹੋਣ ਕਾਰਨ ਮਾਪੇ ਫਿਕਰਮੰਦ ਸਨ। ਉਨ੍ਹਾਂ ਨੇ ਉਸ ਨੂੰ ਸਮਝਾਇਆ ਕਿ ਉਹ ਅਜਿਹੀ ਗਲਤੀ ਮੁੜ ਨਾ ਕਰੇ। ਵਿਦਿਆਰਥੀ ਦੀ ਮਾਂ ਨੇ ਕਿਹਾ ਕਿ ਉਹ ਆਪਣੇ ਪੁੱਤਰ ਦੇ ਮਿਲਣ 'ਤੇ ਬਹੁਤ ਖੁਸ਼ ਹੈ। ਦੱਸਣਯੋਗ ਹੈ ਕਿ ਬੀਤੀ 18 ਮਈ 2018 ਨੂੰ ਅਭਿਮਨਿਊ ਲਾਪਤਾ ਹੋ ਗਿਆ ਸੀ, ਜਿਸ ਕਾਰਨ ਉਸ ਦੇ ਮਾਪੇ ਬਹੁਤ ਪਰੇਸ਼ਾਨ ਸਨ।


Related News