ਮੋਟਰਸਾਇਕਲ ਸਵਾਰਾਂ ''ਤੇ ਡਿੱਗਿਆ ਅੱਗ ਨਾਲ ਝੁਲਸਿਆ ਦਰਖੱਤ, 2 ਜ਼ਖਮੀ 1 ਦੀ ਹਾਲਤ ਗੰਭੀਰ

05/24/2018 10:03:11 AM

ਭਵਾਨੀਗੜ੍ਹ (ਵਿਕਾਸ) — ਇਥੇ ਸਮਾਣਾ ਮੁੱਖ ਸੜਕ 'ਤੇ ਜਾਂਦੇ ਮੋਟਰਸਾਇਕਲ ਸਵਾਰ 3 ਵਿਅਕਤੀਆਂ ਉਪਰ ਸੜਕ ਕਿਨਾਰੇ ਲੱਗਾ ਦਰੱਖਤ ਡਿੱਗ ਪੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸੇ 'ਚ ਮੋਟਰਸਾਇਕਲ ਸਵਾਰ ਤਿੰਨੋਂ ਵਿਅਕਤੀ ਜ਼ਖਮੀ ਹੋ ਗਏ, ਜਿੰਨ੍ਹਾਂ 'ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ । 
ਜਾਣਕਾਰੀ ਮੁਤਾਬਕ ਹਾਦਸੇ 'ਚ ਜ਼ਖਮੀ ਲਖਵੀਰ ਸਿੰਘ ਵਾਸੀ ਕੁਲਬੁਰਛਾਂ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਉਹ ਅਪਣੇ ਸਾਥੀਆਂ ਨਿੰਦਰ ਸਿੰਘ ਅਤੇ ਸੰਦੀਪ ਸਿੰਘ ਵਾਸੀ ਕੁਲਬੁਰਛਾਂ ਨਾਲ ਮਹਿਲਾਂ ਤੋਂ ਸਰੀਏ ਦਾ ਕੰਮ ਕਰਕੇ ਦੂਜੇ ਕੰਮ ਲਈ ਸਮਾਣਾ ਜਾ ਰਹੇ ਸਨ। ਉਸ ਸਮੇਂ ਸਮਾਣਾ ਰੋਡ 'ਤੇ ਪਿੰਡ ਬਾਲਦ ਖੁਰਦ ਨੇੜੇ ਸਥਿਤ ਪੈਟਰੋਲ ਪੰਪ ਕੋਲ ਇਕ ਖੇਤ ਨੂੰ ਲਗਾਈ ਗਈ ਅੱਗ ਨਾਲ ਝੁਲਸ ਕੇ ਖੋਖਲਾ ਹੋਇਆ ਇਕ ਵੱਡਾ ਦਰੱਖਤ ਲੰਘਣ ਵੇਲੇ ਅਚਾਨਕ ਉਨ੍ਹਾਂ 'ਤੇ ਆ ਡਿੱਗਿਆ, ਜਿਸ ਦੌਰਾਨ ਉਸ ਦੇ ਨਾਲ-ਨਾਲ ਮੋਟਰਸਾਇਕਲ ਦੇ ਪਿੱਛੇ ਬੈਠੇ ਨਿੰਦਰ ਤੇ ਸੰਦੀਪ ਜ਼ਖਮੀ ਹੋ ਗਏ । ਬਾਅਦ 'ਚ ਹਾਦਸੇ 'ਚ ਗੰਭੀਰ ਜ਼ਖਮੀ ਹੋਏ ਸੰਦੀਪ ਸਿੰਘ ਨੂੰ 108 ਐਂਬੂਲੇਂਸ ਰਾਹੀਂ ਅਤੇ ਬਾਕੀਆਂ ਨੂੰ ਕਿਸੇ ਹੋਰ ਵਾਹਨ ਰਾਹੀਂ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ।