ਸ਼ਾਹਕੋਟ ਚੋਣ ਲਈ 227 ਮਾਈਕ੍ਰੋ ਆਬਜ਼ਰਵਰ ਲਾਏ

05/22/2018 3:50:20 AM

ਚੰਡੀਗੜ੍ਹ (ਬਿਊਰੋ) - ਸ਼ਾਹਕੋਟ ਜ਼ਿਮਨੀ ਚੋਣ ਨੂੰ ਨੇਪਰੇ ਚਾੜ੍ਹਨ ਲਈ ਚੋਣ ਕਮਿਸ਼ਨ ਨੇ ਹਲਕੇ ਵਿਚ 227 ਮਾਈਕ੍ਰੋ ਆਬਜ਼ਰਵਰ ਤਾਇਨਾਤ ਕੀਤੇ ਹਨ। ਇਸ ਸਬੰਧੀ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਜ਼ਿਮਨੀ ਚੋਣ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਹਲਕੇ ਵਿਚ ਮਾਈਕ੍ਰੋ ਆਬਜ਼ਰਵਰਾਂ ਤੋਂ ਇਲਾਵਾ 283 ਪ੍ਰੀਜ਼ਾਈਡਿੰਗ ਅਫ਼ਸਰ, 1133 ਪੋਲਿੰਗ ਅਫ਼ਸਰ, 19 ਕਾਊਂਟਿੰਗ ਮਾਈਕ੍ਰੋ ਆਬਜ਼ਰਵਰ, 17 ਕਾਊਂਟਿੰਗ ਸੁਪਰਵਾਈਜ਼ਰ ਅਤੇ 17 ਹੀ ਅਸਿਸਟੈਂਟ ਕਾਊਂਟਿੰਗ ਸੁਪਰਵਾਈਜ਼ਰ ਲਾਏ ਗਏ ਹਨ। ਇਸ ਤੋਂ ਇਲਾਵਾ 32 ਸੇਵਾਦਾਰਾਂ ਦੀ ਵੀ ਚੋਣ ਪ੍ਰਬੰਧਾਂ ਵਿਚ ਡਿਊਟੀ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਚੋਣ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਤਕਰੀਬਨ ਚਾਰ ਹਜ਼ਾਰ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਡਿਊਟੀ ਲਾਈ ਗਈ ਹੈ। ਹਰੇਕ ਬੂਥ ਪੱਧਰ 'ਤੇ ਪ੍ਰੀਜ਼ਾਈਡਿੰਗ ਅਫ਼ਸਰ ਦੀ ਅਗਵਾਈ ਵਿਚ ਸਟਾਫ਼ ਦੇ ਪੰਜ ਮੈਂਬਰ ਹੋਣਗੇ। ਇਸ ਸਬੰਧੀ 1535 ਅਧਿਕਾਰੀਆਂ ਉਤੇ ਆਧਾਰਿਤ 307 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।