ਮਾਨਸਾ ਜੇਲ ''ਚ DSP ਬਰਾੜ ਦੀ ਸਰਕਾਰੀ ਅਲਮਾਰੀ ''ਚੋਂ 22 ਮੋਬਾਈਲਾਂ ਸਣੇ ਬਰਾਮਦ ਹੋਇਆ ਇਹ ਸਮਾਨ

05/21/2018 10:01:00 PM

ਮਾਨਸਾ (ਸੰਦੀਪ ਮਿੱਤਲ)— ਜ਼ਿਲਾ ਜੇਲ ਮਾਨਸਾ ਵਿੱਚ ਕੈਦੀਆਂ ਤੋਂ ਰਿਸ਼ਵਤ ਲੈਣ ਦੇ ਮਾਮਲੇ 'ਚ ਅੱਜ ਵਿਜੀਲੈਂਸ ਵਿਭਾਗ ਦੀ ਟੀਮ ਵਲੋਂ ਜੇਲ ਸੁਪਰਡੈਂਟ ਤੇ ਡਿਪਟੀ ਸੁਪਰਡੈਂਟ ਨੂੰ ਰਿਮਾਂਡ ਖਤਮ ਹੋਣ 'ਤੇ ਮੁੜ ਫਿਰ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਗਿਆ। ਮਾਨਯੋਗ ਅਦਾਲਤ ਵਲੋਂ ਜੇਲ ਸੁਪਰਡੈਂਟ ਦਵਿੰਦਰ ਸਿੰਘ ਰੰਧਾਵਾ ਨੂੰ 14 ਦਿਨਾਂ ਜੁਡੀਸੀਅਲ ਰਿਮਾਂਡ ਤੇ ਸੈਂਟਰਲ ਜੇਲ ਬਠਿੰਡਾ ਭੇਜ ਦਿੱਤਾ ਅਤੇ ਮਾਨਯੋਗ ਅਦਾਲਤ ਨੇ ਡਿਪਟੀ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਦੇ ਪੁਲਿਸ ਰਿਮਾਂਡ 'ਚ ਇਕ ਦਿਨ ਦਾ ਹੋਰ ਵਾਧਾ ਕੀਤਾ ਹੈ। 
ਐਸ.ਪੀ. ਵਿਜੀਲੈਂਸ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲਾ ਜੇਲ ਮਾਨਸਾ ਵਿੱਚ ਬੰਦ ਕੈਦੀ ਗੌਰਵ ਦੇ ਭਰਾ ਰਵਿੰਦਰ ਕੁਮਾਰ ਵਾਸੀ ਸ਼ਾਹਬਾਦ ਮਾਰਕੰਡਾ (ਹਰਿਆਣਾ) ਵੱਲੋਂ 17 ਦਸੰਬਰ 2017 ਨੂੰ ਵਿਜੀਲੈਂਸ ਵਿਭਾਗ ਕੋਲ ਸ਼ਿਕਾਇਤ ਕੀਤੀ ਕਿ ਡਿਪਟੀ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਜੇਲ ਵਿੱਚ ਬੰਦ ਕੈਦੀਆਂ ਤੋਂ ਉਨ੍ਹਾਂ ਨੂੰ ਮਨਮਰਜੀ ਦੇ ਸਾਥੀਆਂ ਨਾਲ ਬੈਰਕਾਂ ਵਿੱਚ ਰੱਖਣ, ਜੇਲ ਅੰਦਰ ਮੋਬਾਇਲ ਅਤੇ ਹੋਰ ਸਹੂਲਤਾਂ ਦੇਣ ਬਦਲੇ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਹੈ। ਉਸ ਵੱਲੋਂ ਇਹ ਕੰਮ ਸਹਾਇਕ ਸੁਪਰਡੈਂਟ ਸਿਕੰਦਰ ਸਿੰਘ ਅਤੇ ਕੰਟੀਨ 'ਤੇ ਕੰਮ ਕਰਦੇ ਕੈਦੀ ਪਵਨ ਕੁਮਾਰ ਦੀ ਦੇਖ-ਰੇਖ ਹੇਠ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕੱਲ ਕੈਦੀਆਂ ਤੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਚੱਲ ਰਹੇ ਡਿਪਟੀ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਨੇ ਮਾਨਯੋਗ ਅਦਾਲਤ ਮਾਨਸਾ ਸਰੈਂਡਰ ਕਰ ਦਿੱਤਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਵਿਜੀਲੈਂਸ ਟੀਮ ਵਲੋਂ ਜ਼ਿਲਾ ਜੇਲ, ਮਾਨਸਾ 'ਚ ਬਣੇ ਡਿਪਟੀ ਸੁਪਰਡੈਂਟ ਦੇ ਦਫਤਰ ਦੀ ਅਲਮਾਰੀ ਜੋ ਕਿ ਪਹਿਲਾਂ ਵਿਜੀਲੈਂਸ ਵਲੋਂ ਸੀਲ ਕੀਤੀ ਦੀ ਤਲਾਸ਼ੀ ਲਈ ਤਾਂ ਉਸ ਅਲਮਾਰੀ 'ਚ 29 ਬੀੜੀਆਂ ਦੇ ਬੰਡਲ, 97 ਗੋਲੀਆਂ, 22 ਮੋਬਾਇਲ ਅਤੇ 7 ਸਿੰਮ ਬਰਾਮਦ ਹੋਏ ਹਨ।
ਉਨ੍ਹਾਂ ਦੱਸਿਆ ਕਿ ਜ਼ਿਲਾ ਜੇਲ ਮਾਨਸਾ ਅੰਦਰ ਕੈਦੀਆਂ ਹਵਾਲਾਤੀਆਂ ਨੂੰ ਵਧੀਆ ਸੁੱਖ ਸਹੂਲਤਾਂ ਦੇਣ ਬਦਲੇ ਉਨ੍ਹਾਂ ਤੋਂ ਰਿਸ਼ਵਤ ਲੈਣ ਦੇ ਮਾਮਲੇ 'ਚ ਵਿਜੀਲੈਂਸ ਵਿਭਾਗ ਵਲੋਂ ਜ਼ਿਲਾ ਜੇਲ ਦੇ ਸਹਾਇਕ ਸੁਪਰਡੈਂਟ ਸਿਕੰਦਰ ਸਿੰਘ ਅਤੇ ਇਕ ਕੈਦੀ ਪਵਨ ਕੁਮਾਰ ਨੂੰ ਰੰਗੇ ਹੱਥੀ ਰਿਸ਼ਵਤ ਲੈਦੇ ਕਾਬੂ ਕਰਕੇ ਜੇਲ ਦੇ ਡਿਪਟੀ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਸਮੇਤ 3 ਤੇ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਤਫਤੀਸ਼ ਸ਼ੁਰੂ ਕੀਤੀ ਸੀ। ਇਸ ਮਾਮਲੇ ਦੀ ਤਫਤੀਸ਼ ਦੌਰਾਨ ਜੇਲ ਦੀ ਕੰਨਟੀਨ ਜੋ ਕਿ ਕੈਦੀ ਪਵਨ ਕੁਮਾਰ ਚਲਾਉਂਦਾ ਸੀ ਤੋਂ 2 ਰਜਿਸਟਰ ਬਰਾਮਦ ਕੀਤੇ ਸਨ, ਇੰਨ੍ਹਾਂ ਰਜਿਸਟਰਾਂ ਤੋਂ ਇਹ ਖੁਲਾਸਾ ਹੋਇਆ ਸੀ ਕਿ ਜੇਲ ਵਿਚ ਕੈਦੀਆ ਤੋਂ ਪ੍ਰਤੀ ਸੈਲ ਬੈਰਕ 15 ਹਜਾਰ ਤੋਂ 25 ਹਜਾਰ ਰੁਪਏ ਰਿਸ਼ਵਤ ਲਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਪੂਰੇ ਰਿਸ਼ਵਤ ਘਟਨਾਕ੍ਰਮ 'ਚ ਜੇਲ ਸੁਪਰਡੈਂਟ ਦਵਿੰਦਰ ਸਿੰਘ ਰੰਧਾਵਾ ਦੀ ਸ਼ਮੂਲੀਅਤ ਪਾਈ ਗਈ ਸੀ।