550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸੁਲਤਾਨਪੁਰ ਲੋਧੀ ਲਈ 17 ਕਰੋੜ ਰੁਪਏ ਖਰਚੇਗੀ ਪੰਜਾਬ ਸਰਕਾਰ

11/11/2018 4:38:39 PM

ਕਪੂਰਥਲਾ (ਸੋਢੀ)- ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸਬੰਧੀ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਅਧਿਕਾਰੀਆਂ ਦੀ ਇਕ ਵਿਸ਼ੇਸ਼ ਮੀਟਿੰਗ ਐੱਮ. ਐੱਲ. ਏ. ਨਵਤੇਜ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਬਲਜੀਤ ਸਿੰਘ ਬਿਲਗਾ, ਏ. ਐੱਮ. ਈ. ਓਮੇਸ਼ ਅਗਰਵਾਲ , ਐੱਸ. ਓ. ਅਵਤਾਰ ਸਿੰਘ ਤੋਂ ਇਲਾਵਾ ਰਵਿੰਦਰ ਰਵੀ ਪੀ. ਏ., ਸਤਿੰਦਰ ਸਿੰਘ ਚੀਮਾ ਦਫਤਰ ਇੰਚਾਰਜ, ਬਲਜਿੰਦਰ ਸਿੰਘ ਪੀ. ਏ. ਤੇ ਸੰਜੀਵ ਮਰਵਾਹਾ ਸ਼ਹਿਰੀ ਪ੍ਰਧਾਨ ਕਾਂਗਰਸ ਆਦਿ ਨੇ ਸ਼ਿਰਕਤ ਕੀਤੀ । ਇਸ ਮੌਕੇ ਕਾਰਜ ਸਾਧਕ ਅਫਸਰ ਵਲੋਂ ਵਿਧਾਇਕ ਚੀਮਾ ਨੂੰ ਸਰਕਾਰ ਤੇ ਨਗਰ ਕੌਂਸਲ ਵਲੋਂ ਗੁਰੂ ਨਗਰੀ ਸੁਲਤਾਨਪੁਰ ਲੋਧੀ ’ਚ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦੀ ਪ੍ਰਗਤੀ ਰਿਪੋਰਟ ਦਿੱਤੀ ਗਈ। ਇਸ ਮੌਕੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਵਿਧਾਇਕ ਚੀਮਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਨੇ ਉਨ੍ਹਾਂ ਨਾਲ ਬੀਤੇ ਦਿਨ ਗੁਰੂ ਨਗਰੀ ਸੁਲਤਾਨਪੁਰ ਲੋਧੀ ਦੇ ਵਿਕਾਸ ਕਾਰਜਾਂ ਬਾਰੇ ਤੇ ਸ਼ਹਿਰ ਨੂੰ ਸੁੰਦਰ ਬਣਾਉਣ ਬਾਰੇ ਕਾਰਜਾਂ ਬਾਰੇ 16 ਕਰੋੜ 80 ਲੱਖ ਰੁਪਏ ਖਰਚਣ ਲਈ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੇ ਆਦੇਸ਼ਾਂ ਅਨੁਸਾਰ ਸੀ. ਐੱਮ. ਦਫਤਰ ਪ੍ਰਿੰਸੀਪਲ ਸੈਕਟਰੀ ਤੇ ਹੋਰ ਅਧਿਕਾਰੀਆਂ ਸੁਲਤਾਨਪੁਰ ਲੋਧੀ ਦਾ ਦੌਰਾ ਕੀਤਾ ਤੇ ਵੱਖ-ਵੱਖ ਵਿਕਾਸ ਕਾਰਜਾਂ ਦੀ 23 ਨਵੰਬਰ ਤੋਂ ਆਰੰਭਤਾ ਕਰਨ ਲਈ ਮਨਜ਼ੂਰੀ ਦਿੱਤੀ। ਉਨ੍ਹਾਂ ਦੱਸਿਆ ਕਿ 550 ਸਾਲਾ ਸ਼ਤਾਬਦੀ ਸਮਾਰੋਹ ਵਿਚ ਪੁੱਜਣ ਵਾਲੀਆਂ ਲੱਖਾਂ ਸੰਗਤਾਂ ਦੀ ਆਮਦ ਨੂੰ ਦੇਖਦੇ ਹੋਏ ਪਵਿੱਤਰ ਵੇਈਂ ਤੇ ਦੋ ਵੱਡੇ ਪੁਲ ਨਵੇਂ ਬਣਾਏ ਜਾਣਗੇ ਜਦਕਿ ਦੋ ਪੈਦਲ ਚੱਲਣ ਵਾਲੇ ਛੋਟੇ ਪੁਲ ਬਣਾਏ ਜਾਣਗੇ। ਚੀਮਾ ਨੇ ਹੋਰ ਦੱਸਿਆ ਕਿ ਪਵਿੱਤਰ ਵੇਈਂ ਤੇ ਇਕ ਵੱਡਾ ਪੁਲ ਤਲਵੰਡੀ ਪੁਲ ਦੇ ਨਾਲ ਅਤੇ ਇਕ ਹੋਰ ਪੁਲ ਮਾਛੀਜੋਆ ਪੁਲ ਦੇ ਨਾਲ ਬਣਾਇਆ ਜਾਵੇਗਾ ਅਤੇ ਇਕ ਛੋਟਾ ਪੁਲ ਗੁ. ਸ੍ਰੀ ਬੇਰ ਸਾਹਿਬ ਜੀ ਦੇ ਬਿਲਕੁਲ ਸਾਹਮਣੇ ਪਾਵਨ ਵੇਈਂ ’ਤੇ ਬਣਾਇਆ ਜਾਵੇਗਾ ਤੇ ਇਕ ਹੋਰ ਇਸੇ ਤਰ੍ਹਾਂ ਬਣਾਉਣ ਨੂੰ ਮਨਜ਼ੂਰੀ ਮਿਲੀ ਹੈ ਤਾਂ ਜੋ ਪੈਦਲ ਚੱਲਣ ਵਾਲੀਆਂ ਸੰਗਤਾਂ ਨੂੰ ਕੋਈ ਪ੍ਰੇਸ਼ਾਨੀ ਨਾ ਝੱਲਣੀ ਪਵੇ ।

ਇਸ ਤੋਂ ਇਲਾਵਾ 6 ਕਰੋਡ਼ ਰੁਪਏ ਨਾਲ ਬੱਸ ਸਟੈਂਡ ਸੁਲਤਾਨਪੁਰ ਲੋਧੀ ਦੀ ਆਲੀਸ਼ਾਨ ਇਮਾਰਤ ਬਣਾਈ ਜਾਵੇਗੀ, ਜਿਸ ਦੇ ਚਾਰੇ ਪਾਸੇ ਚਾਰ ਗੁੰਬਦ ਬਣਾਏ ਜਾਣਗੇ । ਚਾਰ ਕਰੋਡ਼ ਰੁਪਏ ਨਾਲ ਸੁਲਤਾਨਪੁਰ ਲੋਧੀ ਸ਼ਹਿਰ ਦੀਆਂ ਸਾਰੀਆਂ ਸਡ਼ਕਾਂ ਲੁੱਕ ਵਾਲੀਆਂ ਬਣਾਈਆਂ ਜਾਣਗੀਆਂ ਤੇ ਸਡ਼ਕਾਂ ਦੁਆਲੇ ਸਾਰੇ ਨਾਜਾਇਜ਼ ਕਬਜ਼ੇ ਖਤਮ ਕਰਵਾਏ ਜਾਣਗੇ । ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਦੇ ਤਲਵੰਡੀ ਰੋਡ ਨਾਲ ਲਗਦੀਆਂ ਸਾਰੀਆਂ ਕਾਲੋਨੀਆਂ ਗੁਰੂ ਨਾਨਕ ਨਗਰ, ਪੁਡਾ ਕਾਲੋਨੀ ਆਦਿ ਦੇ ਸੀਵਰੇਜ ਦਾ ਪਾਣੀ ਸੰਭਾਲਣ ਲਈ 7 ਕਰੋੜ ਰੁਪਏ ਖਰਚ ਕੇ ਬਹੁਤ ਆਧੁਨਿਕ ਟਰੀਟਮੈਂਟ ਪਲਾਂਟ (ਐੱਸ. ਟੀ. ਪੀ. ) ਬਣੇਗਾ ਜੋ ਕਿ ਆਧੁਨਿਕ ਮਸ਼ੀਨਰੀ ਨਾਲ ਲੈੱਸ ਹੋਵੇਗਾ। ਜਿਸ ਦੇ ਬਣਨ ਨਾਲ ਸੀਵਰੇਜ ਦੇ ਪਾਣੀ ਦੀ ਸਮੱਸਿਆ ਪੱਕੇ ਤੌਰ ’ਤੇ ਖਤਮ ਹੋਵੇਗੀ। ਉਨ੍ਹਾਂ ਹੋਰ ਦੱਸਿਆ ਕਿ ਸ਼ਹਿਰ ’ਚ 29 ਲੱਖ ਰੁਪਏ ਦੀ ਲਾਗਤ ਨਾਲ 10 ਵੱਡੀਆਂ ਹਾਈ ਮਾਸਟਰ ਲਾਈਟਾਂ ਲਗਾਈਆਂ ਜਾਣਗੀਆਂ । ਇਸ ਤੋਂ ਇਲਾਵਾ ਇਕ ਜੇ. ਸੀ. ਬੀ. ਮਸ਼ੀਨ 16 ਲੱਖ ਦੀ ਲਿਆਂਦੀ ਜਾਵੇਗੀ ਤੇ ਸ਼ਹਿਰ ’ਚੋਂ ਕੂਡ਼ਾ ਚੁੱਕਣ ਲਈ ਤਿੰਨ ਛੋਟੇ ਹਾਥੀ ਖਰੀਦ ਕੀਤੇ ਜਾਣਗੇ । ਨਿਰਵਿਘਨ ਵਾਟਰ ਸਪਲਾਈ ਲਈ ਦੋ ਵੱਡੇ ਬਿਜਲੀ ਦੇ ਜਰਨੇਟਰ ਸੈੱਟ ਲਿਆਂਦੇ ਜਾ ਰਹੇ ਹਨ । ਦੋ ਨਵੀਆਂ ਟਰਾਲੀਆਂ ਤੇ ਇਕ ਟਰੈਕਟਰ ਹੋਰ ਖਰੀਦਣ ਲਈ ਵੀ ਪ੍ਰਵਾਨਗੀ ਦਿੱਤੀ ਗਈ । ਉਨ੍ਹਾਂ ਦੱਸਿਆ ਕਿ ਸ਼ਹੀਦ ਊਧਮ ਸਿੰਘ ਚੌਕ ਨੂੰ ਸੁੰਦਰ ਬਣਾਉਣ ਤੋਂ ਇਲਾਵਾ ਚੌਕ ਤੋਂ ਤਲਵੰਡੀ ਪੁਲ ਤਕ ਅਤੇ ਤਲਵੰਡੀ ਪੁਲ ਤੋਂ ਕਰਮਜੀਤਪੁਰ ਤਕ ਨਵਾਂ ਵੱਡਾ ਸੀਵਰੇਜ ਪਾਇਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਚ ਲਡ਼ਕੀਆਂ ਲਈ ਇਕ ਡਿਗਰੀ ਕਾਲਜ ਵੀ ਖੋਲ੍ਹਣ ਦੀ ਸਰਕਾਰ ਦੀ ਯੋਜਨਾ ਹੈ।