ਅਰਮੇਨੀਆ ਗਏ 2 ਨੌਜਵਾਨਾਂ ਤੇ 1 ਲਡ਼ਕੀ ਦੇ ਪਰਤਣ ’ਤੇ ਘਰਾਂ ’ਚ ਖੁਸ਼ੀ ਦਾ ਮਹੌਲ

02/12/2019 5:03:20 PM

ਕਪੂਰਥਲਾ (ਸ਼ਰਮਾ)-ਰੋਜ਼ੀ-ਰੋਟੀ ਦੀ ਭਾਲ ’ਚ ਅਰਮੇਨੀਆ ਗਏ ਪਿੰਡ ਨਡਾਲਾ ਤੇ ਇਬਰਾਹੀਮਵਾਲ ਦੇ 2 ਨੌਜਵਾਨ ਤੇ 1 ਲਡ਼ਕੀ ਸੰਸਦ ਮੈਂਬਰ ਭਗਵੰਤ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਦੇਰ ਰਾਤ ਆਪਣੇ ਘਰਾਂ ’ਚ ਪਰਤ ਆਉਣ ’ਤੇ ਉਕਤ ਨੌਜਵਾਨਾਂ ਦੇ ਘਰਾਂ ’ਚ ਖੁਸ਼ੀ ਦਾ ਮਹੌਲ ਸੀ। ਇਹ ਨੌਜਵਾਨ ਕਥਿਤ ਏਜੰਟਾਂ ਦੇ ਝਾਂਸੇ ’ਚ ਆ ਕੇ 2 ਮਹੀਨੇ ਪਹਿਲਾਂ ਅਰਮੇਨੀਆ ਗਏ ਸਨ ਪਰ ਭਾਰੀ ਖੱਜਲ-ਖਰਾਬੀ ਦੇ ਬਾਅਦ ਘਰ ਪਰਤੇ ਨਡਾਲਾ ਵਾਸੀ ਹਰਮਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਅਤੇ ਉਸਦੇ ਸਾਥੀ ਸ਼ਮਸ਼ੇਰ ਸਿੰਘ ਤੇ ਉਸਦੀ ਪਤਨੀ ਪਿੰਕੀ ਤੇ ਚੌਥਾ ਸਾਥੀ ਜਤਿੰਦਰ ਸਿੰਘ ਰੂਬਲ ਵਾਸੀ ਜੋਧਾ ਨਗਰੀ ਅੰਮ੍ਰਿਤਸਰ ਕਥਿਤ ਟਰੈਵਲ ਏਜੰਟ ਹਰਪ੍ਰੀਤ ਕੌਰ ਵਾਸੀ ਮਨਸੂਰਵਾਲ ਤੇ ਪਲਵਿੰਦਰ ਕੌਰ ਵਾਸੀ ਢਿਲਵਾਂ ਨੂੰ 4-4 ਲੱਖ ਦੇ ਕੇ ਅਰਮੇਨੀਆ ਭੇਜਿਆ ਤੇ ਭਰੋਸਾ ਦਿੱਤਾ ਕਿ ਇਹ ਯੂਰਪੀ ਦੇਸ਼ ਹੈ। ਉਥੇ 45-50 ਹਜ਼ਾਰ ਮਾਸਕ ਤਨਖਾਹ ਤੇ ਰਿਹਾਇਸ਼ ਕੰਪਨੀ ਦੀ ਹੋਵੇਗੀ ਤੇ ਅਸੀਂ ਇਨ੍ਹਾਂ ਦੇ ਝਾਂਸੇ ’ਚ ਆ ਕੇ ਅਰਮੇਨੀਆ ਪਹੁੰਚ ਗਏ। ਜਿਥੇ ਜਾ ਕੇ ਪਤਾ ਲਗਾ ਕਿ ਸਾਡੇ ਨਾਲ ਵੱਡਾ ਧੋਖਾ ਹੋ ਗਿਆ ਹੈ, ਨਾ ਤਾਂ ਤਨਖਾਹ ਤੇ ਨਾ ਹੀ ਰਿਹਾਇਸ਼ ਮਿਲੀ। ਇਸ ਦੌਰਾਨ ਉਨ੍ਹਾਂ ਇਹ ਕਿਹਾ ਕਿ ਤੁਸੀਂ ਭਾਰਤ ਤੋਂ ਇਥੇ ਬੰਦੇ ਮੰਗਵਾਓ ਤੇ ਇਕ ਬੰਦੇ ਪਿੱਛੇ ਤੁਹਾਨੂੰ 50 ਹਜ਼ਾਰ ਰੁਪਏ ਕਮਿਸ਼ਨ ਮਿਲੇਗਾ। ਇਸ ਬਾਰੇ ਇਨਕਾਰ ਕਰਨ ’ਤੇ ਉਨ੍ਹਾਂ ਸਾਨੂੰ ਤੰਗ ਪੇ੍ਰਸ਼ਾਨ ਕਰਨਾ ਸ਼ੁਰੂ ਕਰ ਦਿਤਾ ਤੇ ਸਾਨੂੰ ਰੋਟੀ, ਪਾਣੀ ਦੇਣਾ ਵੀ ਬੰਦ ਕਰ ਦਿੱਤਾ। ਕਿਸੇ ਪਾਸੇ ਵਾਹ ਨਾ ਜਾਂਦੀ ਵੇਖ ਕੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਭਗਵੰਤ ਮਾਨ ਦੇ ਨਾਮ ਵੀਡੀਓ ਵਾਇਰਲ ਕਰ ਕੇ ਮਦਦ ਦੀ ਗੁਹਾਰ ਲਾਈ। ਇਸ ਉਪਰੰਤ ਉਸਦੇ ਪਿਤਾ ਤੇ ਉਸਦੀ ਪਤਨੀ ਸਰਬਜੀਤ ਕੌਰ ਨੇ ਥਾਣਾ ਢਿਲਵਾਂ ਧੋਖੇਬਾਜ਼ ਏਜੰਟਾਂ ਖਿਲਾਫ ਕੇਸ ਦਰਜ ਕਰਵਾਇਆ। ਇਸ ਦੌਰਾਨ ਭਗਵੰਤ ਮਾਨ ਨੇ ਫੋਨ ’ਤੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਸਾਰੇ ਹਾਲਾਤ ਬਾਰੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਗੱਲਬਾਤ ਕੀਤੀ। ਭਾਰਤ ਸਰਕਾਰ ਦੀਆਂ ਹਦਾਇਤਾਂ ’ਤੇ ਅਰਮੇਨੀਆ ਅੰਬੈਂਸੀ ਵੱਲੋਂ ਉਨ੍ਹਾਂ ਨੂੰ ਬੁਲਾ ਕੇ ਸਾਰੀ ਗੱਲਬਾਤ ਪੁੱਛੀ। ਵਿਦੇਸ਼ ਮੰਤਰਾਲਾ ਰਾਹੀਂ 2-3 ਦਿਨ ’ਚ ਉਨ੍ਹਾਂ ਦੀਆਂ ਟਿਕਟਾਂ ਦਾ ਪ੍ਰਬੰਧ ਕੀਤਾ। ਸਵੇਰੇ 8.30 ਵਜੇ ਦਿੱਲੀ ਏਅਰਪੋਰਟ ਵਤਨ ਪਹੁੰਚੇ। ਹਵਾਈ ਅੱਡੇ ’ਤੇ ਉਨ੍ਹਾਂ ਨੂੰ ਭਗਵੰਤ ਮਾਨ ਨੇ ਸਹਿਯੋਗ ਦਿੱਤਾ। ਉਨ੍ਹਾਂ ਭਾਰਤ ਸਹੀ ਸਲਾਮਤ ਪਹੁੰਚਣ ਲਈ ਭਗਵੰਤ ਮਾਨ ਤੇ ਵਿਦੇਸ਼ ਮੰਤਰਾਲਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਆਪਣੇ ਪਰਿਵਾਰਾਂ ’ਚ ਪੁੱਜ ਕੇ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ।