ਪੰਜਾਬ ਸਰਕਾਰ ਖਿਲਾਫ ਲੋਕਾਂ ਨੇ ਕੀਤਾ ਰੋਸ ਮੁਜ਼ਾਹਰਾ

01/21/2019 11:29:21 AM

ਕਪੂਰਥਲਾ (ਗੁਰਵਿੰਦਰ ਕੌਰ)-ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਰਜਿ. ਪੰਜਾਬ ਵਲੋਂ ਪੰਜਾਬ ਪ੍ਰਧਾਨ ਮਹਿੰਦਰ ਸਿੰਘ ਹਮੀਰਾ ਦੀ ਅਗਵਾਈ ਹੇਠ ਆਪਣੀਆ ਮੰਗਾਂ ਸਬੰਧੀ ਇਕ ਰੋਸ ਮਾਰਚ ਸ਼ਾਲੀਮਾਰ ਬਾਗ ਕਪੂਰਥਲਾ ਤੋਂ ਕੱਢਿਆ ਗਿਆ ਜੋ ਕਿ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦੇ ਹੋਏ ਡੀ. ਸੀ. ਦਫਤਰ ਕਪੂਰਥਲਾ ਮੂਹਰੇ ਪਹੁੰਚਿਆ। ਜਿਥੇ ਮੋਰਚੇ ਵੱਲੋਂ ਪੰਜਾਬ ਸਰਕਾਰ, ਅਫਸਰਸ਼ਾਹੀ ਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਧਰਨਾ ਪ੍ਰਦਰਸ਼ਨ ਕੀਤਾ ਤੇ ਆਪਣੀਆ ਮੰਗਾਂ ਸਬੰਧੀ ਇਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਂ ਐੱਸ. ਡੀ. ਐੱਮ. ਕਪੂਰਥਲਾ ਡਾ. ਨਯਨ ਭੁੱਲਰ ਨੂੰ ਸੌਂਪਿਆ। ਧਰਨੇ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਪ੍ਰਧਾਨ ਮਹਿੰਦਰ ਸਿੰਘ ਹਮੀਰਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕਈ ਪ੍ਰਕਾਰ ਦੇ ਵਾਅਦੇ ਕੀਤੇ ਸਨ ਪਰ ਦੋ ਸਾਲ ਬੀਤਣ ਦੇ ਬਾਵਜੂਦ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਆਪਣੇ ਸਵਾਰਥ ਲਈ ਦਲਿਤਾਂ ਤੇ ਆਮ ਲੋਕਾਂ ਨੂੰ ਵਰਤਿਆ ਹੈ ਪਰ ਉਨ੍ਹਾਂ ਦੇ ਅਧਿਕਾਰਾਂ ਤੇ ਮੁੱਢਲੀਆ ਜ਼ਰੂਰਤਾਂ ਤੋਂ ਵਾਂਝਾ ਕੀਤਾ ਹੈ। ਮਹਿੰਗਾਈ ਤੇ ਬਿਜਲੀ ਦੇ ਭਾਰੀ ਬਿੱਲਾਂ ਨੇ ਲੋਕਾਂ ਦਾ ਲੱਕ ਤੋਡ਼ ਦਿੱਤਾ ਹੈ ਤੇ ਪੁਲਸ ਪ੍ਰਸ਼ਾਸਨ ਸਿਆਸੀ ਲੋਕਾਂ ਦੀ ਸ਼ਹਿ ’ਤੇ ਆਮ ਲੋਕਾਂ ’ਤੇ ਝੂਠੇ ਮਾਮਲੇ ਦਰਜ ਕਰ ਕੇ ਲੋਕਾਂ ਨੂੰ ਥਾਣਿਆਂ ’ਚ ਪਰੇਸ਼ਾਨ ਕਰ ਰਹੀ ਹੈ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਨਾ ਕੀਤਾ ਤਾਂ ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਵਲੋਂ ਪੰਜਾਬ ਦੇ ਸਾਰੇ ਜ਼ਿਲਾ ਹੈੱਡ ਕੁਆਰਟਰਾਂ ’ਤੇ ਧਰਨੇ ਦਿੱਤੇ ਜਾਣਗੇ ਤੇ ਜ਼ਬਰਦਸਤ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਮੀਤ ਪ੍ਰਧਾਨ ਪੰਜਾਬ ਜਥੇ. ਜੀਵਨ ਸਿੰਘ, ਸਕੱਤਰ ਪੰਜਾਬ ਬਲਵਿੰਦਰ ਸਿੰਘ ਘਾਰੂ, ਗੁਰਨਾਮ ਸਿੰਘ ਸ਼ੇਰਗਿੱਲ, ਸਰਵਣ ਸਿੰਘ ਰੋਮੀ, ਤਰਸੇਮ ਸਿੰਘ ਠੱਟਾ, ਸਤਨਾਮ ਸਿੰਘ ਗਿੱਲ ਵਡਾਲਾ, ਗੁਰਦੇਵ ਸਿੰਘ ਨੂਰਪੁਰ, ਬੂਟਾ ਸਿੰਘ ਭਾਗੋਰਾਈਆਂ, ਲਖਵਿੰਦਰ ਸਿੰਘ ਬੱਲ, ਇੰਦਰਜੀਤ ਸਿੰਘ ਮਾਨਾ ਤਲਵੰਡੀ, ਜੈਮਲ ਸਿੰਘ ਹਮੀਰਾ, ਬਾਬਾ ਸੁਖਦੇਵ ਸਿੰਘ, ਗੁਰਜੰਟ ਸਿੰਘ, ਅਨਿਲ, ਪ੍ਰਭਾਕਰ ਸ਼ਰਮਾ, ਸਤਨਾਮ ਸਿੰਘ ਸੋਢੀ, ਬਾਬਾ ਜਸਪਾਲ ਸਿੰਘ, ਭੁਪਿੰਦਰ ਸਿੰਘ ਭਿੰਦਾ, ਇਕਬਾਲ ਸਿੰਘ, ਲੱਕੀ ਸ਼ਰਮਾ, ਸੁਖਵਿੰਦਰ ਸਿੰਘ, ਜਥੇ. ਹੀਰਾ ਸਿੰਘ, ਵਿੱਕੀ ਚੂਹਡ਼ਵਾਲ, ਗੁਰਨਾਮ ਸਿੰਘ, ਸ਼ਸ਼ੀਪਾਲ ਸਿੰਘ ਜੱਗਾ, ਬੀਬੀ ਹਰਜੀਤ ਕੌਰ, ਕਰਨੈਲ ਸਿੰਘ, ਗੁਰਨਾਮ ਸਿੰਘ ਕਾਦੂਪੁਰ ਆਦਿ ਹਾਜ਼ਰ ਸਨ।ਇਹ ਹਨ ਮੁੱਖ ਮੰਗਾਂ ਬੇਘਰ ਲੋਕਾਂ ਨੂੰ ਪਲਾਂਟ ਅਲਾਟ ਕੀਤੇ ਜਾਣ ਤੇ ਘਰ ਬਣਾਉਣ ਲਈ ਗ੍ਰਾਂਟ ਦਿੱਤੀ ਜਾਵੇ। ਪਡ਼੍ਹੇ-ਲਿਖੇ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਵੇ ਤੇ ਜਦੋਂ ਤਕ ਨੌਕਰੀ ਨਹੀਂ ਦਿੱਤੀ ਜਾਂਦੀ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਭੱਤਾ ਦਿੱਤਾ ਜਾਵੇ। ਬੁਢਾਪਾ ਤੇ ਵਿਧਵਾ ਪੈਨਸ਼ਨ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ ਤੇ ਉਮਰ ਸੀਮਾ 58 ਸਾਲ ਕੀਤੀ ਜਾਵੇ। ਗਰੀਬ ਤੇ ਖੇਤ ਮਜ਼ਦੂਰਾਂ ਦਾ ਪੂਰਾ ਕਰਜ਼ ਮੁਆਫ ਕੀਤਾ ਜਾਵੇ। ਐੱਸ. ਸੀ. ਵਰਗ ਨੂੰ ਅਲਾਟ ਹੋਈ 16,523 ਏਕਡ਼ ਜ਼ਮੀਨ ਦਾ ਮਾਲਿਕਾਨਾ ਹੱਕ ਦਿੱਤਾ ਜਾਵੇ ਤੇ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਏ ਜਾਣ। ਜੇਲਾਂ ’ਚ ਬੰਦ ਗਰੀਬ ਨੌਜਵਾਨਾਂ ’ਤੇ ਕੀਤੇ ਝੂਠੇ ਮਾਮਲਿਆਂ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਝੂਠੇ ਮਾਮਲੇ ਰੱਦ ਕੀਤੇ ਜਾਣ । ਕੇਂਦਰ ਸਰਕਾਰ ਵਲੋਂ ਜਾਰੀ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਵਿਦਿਅਕ ਸੰਸਥਾਨਾਂ ਨੂੰ ਜਲਦ ਦਿੱਤੀ ਜਾਵੇ। ਵੱਧ ਰਹੇ ਪ੍ਰਦੂਸ਼ਣ ’ਤੇ ਰੋਕ ਲਗਾਈ ਜਾਵੇ ਤੇ ਪੀਣ ਵਾਲਾ ਪਾਣੀ ਮੁਫਤ ਦਿੱਤਾ ਜਾਵੇ। ਕਾਨੂੰਨੀ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇ, ਗਰੀਬਾਂ ਤੇ ਆਮ ਲੋਕਾਂ ਉਤੇ ਧੱਕੇਸ਼ਾਹੀ ਨੂੰ ਬੰਦ ਕੀਤਾ ਜਾਵੇ।