ਸੰਯੁਕਤ ਕਿਸਾਨ ਮੋਰਚੇ ਨੇ ਢਿਲਵਾਂ ਰੇਲਵੇ ਫਾਟਕ ''ਤੇ ਕੀਤਾ ਚੱਕਾ ਜਾਮ

07/31/2022 6:17:20 PM

ਕਪੂਰਥਲਾ (ਮਹਾਜਨ) : ਸੰਯੁਕਤ ਕਿਸਾਨ ਮੋਰਚੇ ਦੇ ਦੇਸ਼ ਵਿਆਪੀ ਚੱਕਾ ਜਾਮ ਦੇ ਸੱਦੇ ਤਹਿਤ ਪੰਜਾਬ ਵਿੱਚ ਰੇਲਾਂ ਰੋਕਣ ਦੇ ਫੈਸਲੇ ਨੂੰ ਲਾਗੂ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਕਪੂਰਥਲਾ ਵੱਲੋਂ ਢਿਲਵਾਂ ਰੇਲਵੇ ਫਾਟਕ ਤੇ 31 ਜੁਲਾਈ ਦਿਨ ਐਤਵਾਰ ਸਵੇਰੇ 11 ਵਜੇ ਤੋਂ 3 ਵਜੇ ਤੱਕ  ਜਿਲਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਅਤੇ ਸਕੱਤਰ ਤਰਸੇਮ ਸਿੰਘ ਬਨੇਮਲ ਦੀ ਅਗਵਾਈ ਹੇਠ ਧਰਨਾ ਲਾਇਆ ਗਿਆ। ਜਿਸ ਵਿੱਚ ਕੇਂਦਰ ਦੀ ਫਿਰਕੂ-ਫਾਸ਼ੀਵਾਦੀ ਮੋਦੀ ਹਕੂਮਤ ਵੱਲੋਂ ਕਿਸਾਨਾਂ ਨਾਲ ਕੀਤੀ ਵਾਅਦਾ ਖ਼ਿਲਾਫ਼ੀ ਦੇ ਵਿਰੋਧ ਵਿੱਚ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। 

ਇਹ ਵੀ ਪੜ੍ਹੋ- ਤਲਵੰਡੀ ਸਾਬੋ ਨੇੜੇ ਵਾਪਰਿਆ ਭਿਆਨਕ ਹਾਦਸਾ, ਦੋ ਵਿਦਿਆਰਥੀਆਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ

ਧਰਨੇ ਨੂੰ ਸੰਬੋਧਨ ਕਰਦਿਆਂ ਅਮਰਜੀਤ ਸਿੰਘ ਜਵਾਲਾਪੁਰ, ਗੁਰਪ੍ਰੀਤ ਸਿੰਘ ਚੀਦਾ, ਪਿਆਰਾ ਸਿੰਘ ਭੰਡਾਲ ਅਤੇ ਚਰਨਜੀਤ ਸਿੰਘ ਧਾਲੀਵਾਲ ਆਦਿ ਨੇ ਕਿਹਾ ਕਿ ਮੋਦੀ ਹਕੂਮਤ ਜਿੱਥੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਲੜੇ ਵਿਸ਼ਾਲ ਅਤੇ ਸਿਰੜੀ ਘੋਲ ਅੱਗੇ ਝੁਕਦਿਆਂ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਲਈ ਮਜ਼ਬੂਰ ਹੋਈ ਉੱਥੇ ਸ਼ੰਘਰਸ਼ ਦੌਰਾਨ ਉੱਠੇ ਹੋਰ ਮੁੱਦਿਆਂ ਨੂੰ ਹੱਲ ਕਰਨ ਤੋਂ ਲਗਾਤਾਰ ਟਾਲਾ ਵੱਟਦੀ ਆ ਰਹੀ ਹੈ। ਜਿਸ ਕਰਕੇ ਫਿਰ ਸ਼ੰਘਰਸ਼ ਦਾ ਬਿਗਲ ਵਜਾਉਣਾ ਪਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਲਖੀਮਪੁਰ ਖੀਰੀ ਦੇ ਕਿਸਾਨਾਂ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਅਤੇ ਉਸ ਦੇ ਗਵਾਹਾਂ 'ਤੇ ਹੁੰਦੇ ਜਾਨਲੇਵਾ ਹਮਲਿਆਂ ਦੇ ਵਿਰੋਧ ਵਿੱਚ ਘੱਟੋ-ਘੱਟ ਸਹਾਇਕ ਮੁੱਲ ਕਾਨੂੰਨ ਬਣਾਉਣ ਦੀ ਮੰਗ ਅਤੇ ਸਰਕਾਰ ਵੱਲੋਂ ਬਣਾਈ 29 ਮੈਂਬਰੀ ਕਿਸਾਨ ਵਿਰੋਧੀ ਮੈਂਬਰਾਂ ਦੀ ਕਮੇਟੀ ਦੇ ਡਰਾਮੇ ਦੇ ਵਿਰੋਧ ਵਿੱਚ ਇਹ ਚੱਕਾ ਜਾਮ ਕੀਤੀ ਗਿਆ ਹੈ।

ਇਹ ਵੀ ਪੜ੍ਹੋ- ਮਾਲੇਰਕੋਟਲਾ ’ਚ ਵੱਡੀ ਵਾਰਦਾਤ, ‘ਆਪ’ ਕੌਂਸਲਰ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ

ਇਸ ਤੋਂ ਇਲਾਵਾ ਦਿੱਲੀ ਕਿਸਾਨ ਮੋਰਚੇ ਦੌਰਾਨ ਕਿਸਾਨਾਂ ਉੱਤੇ ਸਰਕਾਰ ਵੱਲੋਂ ਹੋਏ ਪਰਚੇ ਰੱਦ ਕਰਨ ਦੀ ਵਾਅਦਾ ਖਿਲਾਫ਼ੀ ਦੇ ਵਿਰੋਧ ਵਿੱਚ ਅਤੇ ਦੇਸ਼ ਲਈ ਨੁਕਸਾਨਦੇਹ ਅਗਨੀਪੱਥ ਯੋਜਨਾ ਦੇ ਵਿਰੋਧ ਵਿੱਚ ਇਹ ਧਰਨਾ ਲਿਆ ਗਿਆ ਹੈ।ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਟਾਲ-ਮਟੋਲ ਦੀਆਂ ਨੀਤੀਆਂ ਨੂੰ ਛੱਡ ਕੇ ਲੋਕਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ ਨਹੀਂ ਤਾਂ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤੀ ਜਾਵੇਗਾ, ਜਿਸ ਦੀ ਜ਼ਿੰਮੇਵਾਰ ਵੀ ਸਰਕਾਰ ਹੀ ਹੋਵੇਗੀ। ਕੇਂਦਰੀ ਹਕੂਮਤ ਲਗਾਤਾਰ ਲੋਕਾਂ ਨੂੰ ਪਾੜੋ ਅਤੇ ਰਾਜ ਕਰੋ ਦੀ ਲੋਕ ਦੋਖੀ ਨੀਤੀ ਤੇ ਅੱਗੇ ਵਧਦਿਆਂ ਦੇਸ਼ ਵਿੱਚ ਫਿਰਕੂ-ਫਾਸ਼ੀਵਾਦੀ ਸਿਆਸਤ ਨੂੰ ਆਏ ਦਿਨ ਬੜਾਵਾ ਦਿੰਦਿਆਂ ਪੰਜਾਬ ਦੇ ਪਾਣੀਆਂ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਚੰਡੀਗੜ੍ਹ ਤੇ ਪੰਜਾਬ ਹੱਕ ਖ਼ਤਮ ਕਰਨ,50 ਕਿਲੋਮੀਟਰ ਤੱਕ ਪੰਜਾਬ ਦੇ ਖੇਤਰ  ਵਿੱਚ ਬੀ.ਐੱਸ.ਐੱਫ ਨੂੰ ਅਧਿਕਾਰ ਦੇਣ ਰਾਹੀਂ ਫੈਡਰਲ ਢਾਂਚੇ ਨੂੰ ਤੋੜ ਕੇ ਕੇਂਦਰੀਕਰਨ ਦੀ ਲੋਕ ਦੋਖੀ ਨੀਤੀ 'ਤੇ ਚੱਲ ਰਹੀ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 
        


Simran Bhutto

Content Editor

Related News