ਮੁੱਖ ਖੇਤੀਬਾੜੀ ਅਫ਼ਸਰ ਦੀ ਖਾਦ ਡੀਲਰਾਂ ਨੂੰ ਚਿਤਾਵਨੀ; ਖਾਦ ਨਾਲ ਟੈਗਿੰਗ ਪਾਏ ਜਾਣ ''ਤੇ ਹੋਵੇਗੀ ਸਖ਼ਤ ਕਾਰਵਾਈ

09/24/2022 12:56:14 AM

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ ) : ਹਾੜੀ ਸੀਜ਼ਨ ਦੌਰਾਨ ਫ਼ਸਲਾਂ ਦੀ ਬਿਜਾਈ ਦੇ ਮੱਦੇਨਜ਼ਰ ਕਿਸਾਨਾਂ ਨੂੰ ਉੱਚ ਮਿਆਰੀ ਖਾਦਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਮੁੱਖ ਖੇਤੀਬਾੜੀ ਅਫਸਰ ਡਾ. ਬਲਬੀਰ ਚੰਦ ਨੇ ਸੁਲਤਾਨਪੁਰ ਲੋਧੀ ਵਿਖੇ ਸਮੂਹ ਖਾਦ ਡੀਲਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਸਮੂਹ ਖਾਦ ਡੀਲਰਾਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਡੀਲਰ ਕਿਸੇ ਵੀ ਕਿਸਾਨ ਨੂੰ ਖਾਦ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਟੈਗਿੰਗ ਭਾਵ ਬਿਨਾਂ ਲੋੜ ਤੋਂ ਹੋਰ ਖੇਤੀ ਸਮੱਗਰੀ ਅਟੈਚ ਨਾ ਕੀਤੀ ਜਾਵੇ ਅਤੇ ਹਰੇਕ ਸੁਸਾਇਟੀ ਜਾਂ ਡੀਲਰ ਡਿਸਪਲੇਅ ਬੋਰਡ 'ਤੇ ਖਾਦ ਦਾ ਸਟਾਕ, ਉਸ ਦਾ ਰੇਟ ਦਰਜ ਕਰੇਗਾ ਤਾਂ ਜੋ ਕਿਸਾਨਾਂ 'ਚ ਇਹ ਵਿਸ਼ਵਾਸ ਪੈਦਾ ਹੋ ਸਕੇ ਕਿ ਉਹਨਾਂ ਦੀ ਕਿਸੇ ਤਰ੍ਹਾਂ ਦੀ ਲੁੱਟ-ਖਸੁੱਟ ਨਹੀਂ ਹੋ ਰਹੀ।

ਇਹ ਵੀ ਪੜ੍ਹੋ : ਵਿਕਲਾਂਗਤਾ ਨੂੰ ਮਾਨਸਿਕਤਾ 'ਤੇ ਭਾਰੂ ਨਾ ਹੋਣ ਦਿੱਤਾ ਜਾਵੇ : ਕੈਬਨਿਟ ਮੰਤਰੀ ਡਾ. ਬਲਜੀਤ ਕੌਰ

ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਲੋੜ ਤੋਂ ਹੋਰ ਖੇਤੀ ਸਮੱਗਰੀ ਦੀ ਟੈਗਿੰਗ ਕੀਤੀ ਪਾਏ ਜਾਣ ਦੀ ਸੂਰਤ 'ਚ ਸਬੰਧਤ ਡੀਲਰ/ ਸਹਿਕਾਰੀ ਸਭਾ ਵਿਰੁੱਧ ਖਾਦ ਕੰਟਰੋਲ ਆਰਡਰ 1985 ਅਧੀਨ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਕੋਈ ਵੀ ਡੀਲਰ ਨਿਰਧਾਰਤ ਰੇਟ ਤੋਂ ਵੱਧ ਅਤੇ ਬਿਨਾਂ ਬਿੱਲ ਦੇ ਕਿਸਾਨ ਨੂੰ ਮਾਲ ਨਹੀਂ ਵੇਚੇਗਾ ਅਤੇ ਡੀਲਰ ਪੀ.ਓ.ਐਸ ਮਸ਼ੀਨਾਂ ਰਾਹੀਂ ਸਾਰਾ ਸਟਾਕ ਨਾਲ ਦੀ ਨਾਲ ਕਲੀਅਰ ਕਰਨਾ ਯਕੀਨੀ ਬਣਾਉਣਗੇ। ਮੀਟਿੰਗ 'ਚ ਖੇਤੀਬਾੜੀ ਅਫਸਰ ਡਾ. ਅਸ਼ਵਨੀ ਕੁਮਾਰ, ਖੇਤੀਬਾੜੀ ਵਿਕਾਸ ਅਫਸਰ ਡਾ. ਜਸਪਾਲ ਸਿੰਘ, ਡਾ. ਗੁਰਜੋਤ ਸਿੰਘ, ਡਾ. ਮਨਮੋਹਨ ਸਿੰਘ, ਖੇਤੀਬਾੜੀ ਵਿਸਥਾਰ ਅਫ਼ਸਰ ਪਰਮਿੰਦਰ ਕੁਮਾਰ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।


Mandeep Singh

Content Editor

Related News