ਲੜਾਈ-ਝਗੜੇ ਨੂੰ ਰੋਕਣ ਗਈ ਪੁਲਸ ਪਾਰਟੀ ''ਤੇ ਹਮਲਾ

01/31/2017 12:15:56 PM

ਕਪੂਰਥਲਾ (ਭੂਸ਼ਣ) - ਪਿੰਡ ਵਰਿਆ ਦੋਨਾ ''ਚ ਚੱਲ ਰਹੇ ਲੜਾਈ-ਝਗੜੇ ਨੂੰ ਰੋਕਣ ਗਈ ਪੁਲਸ ਪਾਰਟੀ ''ਤੇ 25-30 ਵਿਅਕਤੀਆਂ ਨੇ ਹਮਲਾ ਕਰ ਦਿੱਤਾ । ਜਿਸ ਦੌਰਾਨ ਮੁਲਜ਼ਮਾਂ ਨੇ ਮੌਕੇ ''ਤੇ ਗਏ ਏ. ਐੱਸ. ਆਈ. ਤੇ ਉਸ ਦੇ ਸਾਥੀ ਪੁਲਸ ਕਰਮਚਾਰੀਆਂ ਦੇ ਨਾਲ ਗਾਲੀ-ਗਲੋਚ ਕੀਤੀ। 

ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਸਾਰੇ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰਕੇ 4 ਮੁਲਜ਼ਮਾਂ ਨੂੰ ਛਾਪਾਮਾਰੀ  ਦੇ ਦੌਰਾਨ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਥਾਣਾ ਸਦਰ ਪੁਲਸ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਪਿੰਡ ਸੰਧੂ ਚੱਠਿਆਂ ''ਚ 100-150 ਲੋਕ ਆਪਸ ''ਚ ਝਗੜ ਰਹੇ ਸਨ ਅਤੇ ਪਿੰਡ ਦਾ ਮਾਹੌਲ ਕਾਫ਼ੀ ਖ਼ਰਾਬ ਹੈ, ਕੰਟਰੋਲ ਰੂਮ ਤੋਂ ਆਈ ਸੂਚਨਾ ਦੇ ਆਧਾਰ ''ਤੇ ਜਦੋਂ ਥਾਣਾ ਸਦਰ ਕਪੂਰਥਲਾ ''ਚ ਤਾਇਨਾਤ ਏ. ਐੱਸ. ਆਈ. ਬਲਵਿੰਦਰ ਸਿੰਘ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਮੌਕੇ ''ਤੇ ਪੁੱਜੇ ਤਾਂ ਮੌਕੇ ''ਤੇ ਝਗੜ ਰਹੇ ਰਵਿੰਦਰ ਲਾਲ ਪੁੱਤਰ ਸੁਰਜੀਤ ਲਾਲ, ਜਸਬੀਰ ਸਿੰਘ ਪੁੱਤਰ ਦੀਦਾਰ ਸਿੰਘ ਤੇ ਰਤਨ ਕੁਮਾਰ ਨਿਵਾਸੀ ਪਿੰਡ ਵਰਿਆ ਦੋਨਾਂ ਨੇ ਆਪਣੇ 20-25 ਸਾਥੀਆਂ ਦੇ ਨਾਲ ਪੁਲਸ ਪਾਰਟੀ ਦੇ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਇੱਟਾਂ ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ। ਮੁਲਜ਼ਮਾਂ ਨੇ ਪੁਲਸ ਪਾਰਟੀ ਦੀ ਵਰਦੀ ''ਤੇ ਹੱਥ ਪਾਉਣ ਦੀ ਕੋਸ਼ਿਸ਼ ਕੀਤੀ।ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਲਖਬੀਰ ਸਿੰਘ ਨੇ ਪੁਲਸ ਫੋਰਸ ਨੂੰ ਨਾਲ ਲੈ ਕੇ ਹਾਲਾਤ ''ਤੇ ਕਾਬੂ ਪਾਇਆ ਤੇ ਮੌਕੇ ''ਤੇ 4 ਮੁਲਜ਼ਮਾਂ ਰਵਿੰਦਰ ਲਾਲ, ਜਸਬੀਰ ਸਿੰਘ, ਰਤਨ ਕੁਮਾਰ ਤੇ ਇਕ ਹੋਰ ਵਿਅਕਤੀ ਨੂੰ ਛਾਪਾਮਾਰੀ ਦੇ ਦੌਰਾਨ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਬਾਕੀ 20 ਦੇ ਕਰੀਬ ਅਣਪਛਾਤੇ ਵਿਅਕਤੀਆਂ ਦੀ ਪਛਾਣ ਦਾ ਕੰਮ ਜਾਰੀ ਹੈ, ਜਿਸ ਲਈ ਪੁਲਸ ਟੀਮਾਂ ਛਾਪਾਮਾਰੀ ਕਰ ਰਹੀਆਂ ਹਨ । ਉਥੇ ਹੀ ਸਦਰ ਪੁਲਸ ਨੇ ਗ੍ਰਿਫਤਾਰ ਉਨ੍ਹਾਂ ਨੂੰ ਅਦਾਲਤ ''ਚ ਪੇਸ਼ ਕੀਤਾ। ਜਿਥੇ ਅਦਾਲਤ ਨੇ ਚਾਰਾਂ ਮੁਲਜ਼ਮਾਂ ਨੂੰ 14 ਦਿਨ ਦੀ ਜੁਡੀਸ਼ੀਅਲ ਹਿਰਾਸਤ ''ਚ ਭੇਜ ਦਿੱਤਾ।