ਵੋਟਰ ਕਾਰਡ ਨਾ ਹੋਣ ''ਤੇ 10 ਫੋਟੋ ਆਈ. ਡੀ. ਕਾਰਡ ਹੋਣਗੇ ਵੈਲਿਡ

01/31/2017 10:48:55 AM

ਜਲੰਧਰ (ਅਮਿਤ) - ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਰ ਕਾਰਡ (ਏਪਿਕ ਕਾਰਡ-ਅਧਿਕਾਰਿਤ ਸ਼ਨਾਖਤੀ ਕਾਰਡ) ਨਾ ਹੋਣ ''ਤੇ ਵੋਟ ਪਾਉਣ ਲਈ 10 ਹੋਰ ਫੋਟੋ ਆਈ. ਡੀ. ਕਾਰਡਾਂ ਵਿਚੋਂ ਕਿਸੇ ਇਕ ਦੇ ਵੀ  ਹੋਣ ''ਤੇ ਵੋਟ ਪਾਈ ਜਾ ਸਕਦੀ ਹੈ। ਇਸ ਸੰਬੰਧੀ ਜ਼ਿਲਾ ਚੋਣ ਅਫਸਰ ਕਮ ਡੀ. ਸੀ. ਕਮਲ ਕਿਸ਼ੋਰ ਯਾਦਵ ਵੱਲੋਂ ਉਕਤ ਆਈ. ਡੀ. ਕਾਰਡ ਦੀ ਸੂਚੀ ਜਾਰੀ ਕੀਤੀ ਗਈ। ਡੀ. ਸੀ. ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੋਟਰਾਂ ਨੂੰ ਵੋਟ ਪਾਉਣ ਸਮੇਂ ਆਪਣਾ ਇਲੈਕਟ੍ਰੋਨਿਕ ਸ਼ਨਾਖਤੀ ਕਾਰਡ ਏਪਿਕ ਦਿਖਾਉਣਾ ਜ਼ਰੂਰੀ ਹੈ ਜਿਨ੍ਹਾਂ ਵੋਟਰਾਂ ਦੇ ਕੋਲ ਏਪਿਕ ਕਾਰਡ ਨਹੀਂ ਹੈ ਉਨ੍ਹਾਂ ਨੂੰ ਚੋਣ ਮਸ਼ੀਨਰੀ ਵੱਲੋਂ ਜਾਰੀ ਕੀਤਾ ਗਿਆ ਕੋਈ ਹੋਰ ਫੋਟੋ ਸ਼ਨਾਖਤੀ ਕਾਰਡ ਦਿਖਾਉਣਾ ਪਵੇਗਾ। 

ਉਨ੍ਹਾਂ ਕਿਹਾ ਕਿ ਜਿਨ੍ਹਾਂ ਵੋਟਰਾਂ ਦਾ ਫੋਟੋ ਸੂਚੀ ''ਚ ਨਹੀਂ ਹੈ ਉਹ ਫੋਟੋ ਵਾਲੇ ਹੋਰ ਸ਼ਨਾਖਤੀ ਕਾਰਡ ਦਿਖਾ ਕੇ ਵੋਟ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀ ਵੋਟਰ ਜੋ ਆਪਣੇ ਪਾਸਪੋਰਟ ''ਚ ਦਰਜ ਜਾਣਕਾਰੀ ਦੇ ਆਧਾਰ ''ਤੇ ਵੋਟਰ ਬਣੇ ਹਨ ਉਨ੍ਹਾਂ ਲਈ ਪੋਲਿੰਗ ਕੇਂਦਰ ਦੇ ਅੰਦਰ ਆਪਣਾ ਅਸਲੀ ਪਾਸਪੋਰਟ ਦਿਖਾਉਣਾ ਜ਼ਰੂਰੀ ਹੋਵੇਗਾ ਅਤੇ ਉਹ 
ਤਾਂ ਹੀ ਵੋਟ ਪਾ ਸਕਣਗੇ।
ਜ਼ਿਲਾ ਚੋਣ ਅਫਸਰ ਨੇ ਜਾਰੀ ਕੀਤੀ ਸੂਚੀ
ਕਿਹੜੇ-ਕਿਹੜੇ ਆਈ. ਡੀ. ਕਾਰਡ ਹਨ ਵੈਲਿਡ
ਪਾਸਪੋਰਟ, ਡਰਾਈਵਿੰਗ ਲਾਇਸੈਂਸ , ਪੈਨ ਕਾਰਡ, ਨੌਕਰੀ ਸੰਬੰਧੀ ਫੋਟੋ ਵਾਲੇ ਸ਼ਨਾਖਤੀ ਕਾਰਡ (ਜੋ ਕਿ ਕੇਂਦਰ ਸਰਕਾਰ, ਸੂਬਾ ਸਰਕਾਰ, ਸਥਾਨਕ ਸਰਕਾਰ, ਅਰਧ-ਸਰਕਾਰੀ ਸੰਸਥਾਵਾਂ ਵਲੋਂ ਜਾਰੀ ਕੀਤੇ ਗਏ ਹੋਣ), ਬੈਂਕ, ਡਾਕਖਾਨਿਆਂ ਵੱਲੋਂ ਜਾਰੀ ਪਾਸ ਬੁੱਕ, ਪੈਨਸ਼ਨ ਸੰਬੰਧੀ ਫੋਟੋ ਵਾਲੇ ਦਸਤਾਵੇਜ਼, ਸਿਹਤ ਬੀਮਾ ਯੋਜਨਾ ਸਕੀਮ ਦਾ ਸਮਾਰਟ ਕਾਰਡ (ਲੇਬਰ ਮੰਤਰਾਲਾ ਵੱਲੋਂ ਜਾਰੀ ਕੀਤਾ ਗਿਆ), ਮਨਰੇਗਾ ਦੇ ਅਧੀਨ ਜਾਰੀ ਫੋਟੋ ਵਾਲਾ ਜਾਬ ਕਾਰਡ, ਆਧਾਰ ਕਾਰਡ, ਸੰਸਦ ਮੈਂਬਰ-ਵਿਧਾਇਕ ਤੇ ਮੈਂਬਰ ਵਿਧਾਨ ਪ੍ਰੀਸ਼ਦ ਨੂੰ ਸਰਕਾਰੀ ਤੌਰ ''ਤੇ ਜਾਰੀ ਸ਼ਨਾਖਤੀ ਪੱਤਰ ਵੈਲਿਡ ਹਨ।